ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਕਨਾਟ ਪੈਲੇਸ ਵਿੱਚ ਦੱਖਣੀ ਭਾਰਤੀ ਖਾਣੇ ਲਈ ਪ੍ਰਸਿੱਧ ਰੇਸਤਰਾਂ ਵੱਲੋਂ ਇਕ ਗ੍ਰਾਹਕ ਨੂੰ ਪਰੋਸੇ ਗਏ ਖਾਣੇ ਵਿੱਚੋਂ ਕਿਰਲੀ ਨਿਕਲਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਰੇਸਤਰਾਂ ਪ੍ਰਬੰਧਕਾਂ ਨੂੰ ਐੱਨਡੀਐੱਮਸੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਖੁਰਾਕ ਮਹਿਕਮੇ ਦੀ ਟੀਮ ਵੱਲੋਂ ਘਟਨਾ ਮਗਰੋਂ ਰੇਸਤਰਾਂ ਦੀ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਸ ਦੀ ਰਸੋਈ ਵਿੱਚ ਮਿੱਟੀ ਸੀ। ਐੱਨਡੀਐਮਸੀ ਦੇ ਸਿਹਤ ਕਾਰੋਬਾਰ ਲਾਈਸੈਂਸ ਮਹਿਕਮੇ ਨੇ ਰੇਸਤਰਾਂ ਸੰਚਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਕਿਉਂ ਨਾ ਹੋਟਲ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇ। ਅਧਿਕਾਰੀਆਂ ਮੁਤਾਬਕ ਹਫ਼ਤੇ ਬਾਅਦ ਮੁੜ ਰੇਸਤਰਾਂ ਦੀ ਜਾਂਚ ਕੀਤੀ ਜਾਵੇਗੀ ਤੇ ਕਮੀਆਂ ਦੂਰ ਨਾ ਹੋਈਆਂ ਤਾਂ ਰੇਸਤਰਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਕਿਰਲੀ ਮਿਲਣ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਹੀ ਦਿੱਲੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ ਨਾਲ ਹੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਵਾਲੀ ਸਰਕਾਰੀ ਏਜੰਸੀ ਫ਼ੂਡ ਸੈਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫਐੱਸਐੱਸਏਆਈ) ਵੀ ਮਾਮਲੇ ਦੀਆਂ ਤਹਿਆਂ ਫਰੋਲ ਰਿਹਾ ਹੈ। ਉੱਥੋਂ ਨਮੂਨੇ ਇੱਕਠੇ ਕੀਤੇ ਗਏ ਤੇ ਨਤੀਜਿਆਂ ਅਧਾਰਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਲਾਇਸੈਂਸ ਦੇ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।