ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਪਰੈਲ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੀਆਂ ਨਰਸਾਂ ਦੀ ਯੂਨੀਅਨ ਨੇ ਮੰਗਲਵਾਰ ਨੂੰ ਯੂਨੀਅਨ ਦੇ ਪ੍ਰਧਾਨ ਹਰੀਸ਼ ਕਾਜਲਾ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਓਟੀ ਮਰੀਜ਼ਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਾਉਣ ਦੀ 22 ਅਪਰੈਲ ਨੂੰ ਵਾਪਰੀ ਘਟਨਾ ਦੇ ਮੱਦੇਨਜ਼ਰ ਨਰਸਿੰਗ ਅਧਿਕਾਰੀ ਹਰੀਸ਼ ਕੁਮਾਰ ਕਾਜਲਾ ਨੂੰ ਸੋਮਵਾਰ ਰਾਤ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। ਯੂਨੀਅਨ ਮੰਗ ਕਰ ਰਹੀ ਹੈ ਕਿ ਕਾਜਲਾ ਦੀ ਮੁਅੱਤਲੀ ਤੁਰੰਤ ਰੱਦ ਕੀਤੀ ਜਾਵੇ ਅਤੇ ਯੂਨੀਅਨ ਦੇ ਪ੍ਰਬੰਧਕਾਂ ਅਤੇ ਮੁੱਖ ਅਪਰੇਸ਼ਨ ਥੀਏਟਰ (ਓਟੀ) ਦੇ ਯੂਨੀਅਨ ਮੈਂਬਰਾਂ ਵਿਰੁੱਧ ਹਰ ਤਰ੍ਹਾਂ ਦੀਆਂ ਜਵਾਬੀ ਕਾਰਵਾਈਆਂ ਨੂੰ ਰੋਕਿਆ ਜਾਵੇ। ਨਰਸਾਂ ਦੀ ਯੂਨੀਅਨ ਦੇ ਆਗੂਆਂ ਨੇ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਏਮਜ਼ ਨਰਸ ਯੂਨੀਅਨ ਦੇ ਪ੍ਰਧਾਨ ਹਰੀਸ਼ ਕਾਜਲਾ ਨੂੰ ਬਿਨਾਂ ਕਾਰਨ ਦੱਸੇ ਮੁਅੱਤਲ ਕਰਨ ਦੇ ਇਕਪਾਸੜ ਫੈਸਲੇ ਦੇ ਜਵਾਬ ਵਿੱਚ ਯੂਨੀਅਨ ਨੇ ਇੱਕ ਐਮਰਜੈਂਸੀ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਅਤੇ ਤੁਰੰਤ ਮੰਗ ਕਰਦੇ ਹੋਏ 26 ਅਪਰੈਲ ਨੂੰ ਸਵੇਰੇ 8 ਵਜੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਕੁਮਾਰ ਕਾਜਲਾ ਦੀ ਮੁਅੱਤਲੀ ਨੂੰ ਰੱਦ ਕਰਨਾ ਅਤੇ ਯੂਨੀਅਨ ਦੇ ਕਾਰਕੁਨਾਂ ਅਤੇ ਮੁੱਖ ਓਟੀ ਦੇ ਯੂਨੀਅਨ ਮੈਂਬਰਾਂ ਵਿਰੁੱਧ ਹਰ ਤਰ੍ਹਾਂ ਦੇ ਜਵਾਬੀ ਕਦਮਾਂ ਨੂੰ ਰੋਕਿਆ ਜਾਵੇ। ਹਾਲਾਂਕਿ, ਏਮਜ਼ ਆਰਡੀਏ ਨੇ ਕਿਹਾ ਕਿ ਕਾਜਲਾ ਦੀ ਮੁਅੱਤਲੀ ਉਸ ਦੇ ਦੁਰਵਿਵਹਾਰ ਅਤੇ ਇੱਕ ਰੈਜ਼ੀਡੈਂਟ ਡਾਕਟਰ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੇ ਖਿਲਾਫ ਕੀਤੀ ਗਈ ਕਾਰਵਾਈ ਹੈ ਜੋ ਇਸ ਮਾਮਲੇ ਨੂੰ ਸਿਆਸੀ ਲਾਭ ਲਈ ਮੋੜ ਰਿਹਾ ਹੈ। ਨਰਸਾਂ ਦੀ ਹੜਤਾਲ ਦੇ ਲੰਬਾ ਚੱਲਣ ਨਾਲ ਸਿਹਤ ਸੇਵਾਵਾਂ ਉਪਰ ਮਾੜਾ ਅਸਰ ਪੈਣਾ ਲਾਜ਼ਮੀ ਹੈ।