ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ‘ਆਪ’ ਸਰਕਾਰ ਦੇ ਵਿਕਾਸ ਕਾਰਜ ਨਹੀਂ ਰੁਕਣਗੇ ਬੇਸ਼ੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ। ਉਹ ਅੱਜ ਕਿਰਾੜੀ ਵਿੱਚ ਦੋ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ, “ਮਨੀਸ਼ ਸਿਸੋਦੀਆ ਨੂੰ ਇਸ ਲਈ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸਕੂਲ ਬਣਾਏ ਸਨ। ਸਤਿੰਦਰ ਜੈਨ ਨੂੰ ਜੇਲ੍ਹ ਭੇਜਿਆ ਗਿਆ ਕਿਉਂਕਿ ਉਨ੍ਹਾਂ ਨੇ ਮੁਹੱਲਾ ਕਲੀਨਿਕ ਬਣਾਏ ਸਨ।’’ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਈਡੀ ਅਤੇ ਸੀਬੀਆਈ ਵਰਗੀਆਂ ਕੇਂਦਰੀ ਏਜੰਸੀਆਂ ‘ਆਪ’ ਆਗੂਆਂ ਖ਼ਿਲਾਫ਼ ਲਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਅੱਗ ਕਿਹਾ,‘‘ ਜੇ ਤੁਸੀਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਵੀ ਸੁੱਟ ਦਿੰਦੇ ਹੋ ਤਾਂ ਵੀ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਉਣ ਅਤੇ ਦਿੱਲੀ ਦੇ ਲੋਕਾਂ ਦਾ ਮੁਫਤ ਇਲਾਜ ਕਰਨ ਦਾ ਕੰਮ ਨਹੀਂ ਰੁਕੇਗਾ।’’
ਸ੍ਰੀ ਕੇਜਰੀਵਾਲ ਨੇ ਕਿਰਾੜੀ ਦੇ ਪ੍ਰਤਾਪ ਵਿਹਾਰ ਵਿੱਚ ਅੱਜ ਦੋ ਸਕੂਲ ਦੀਆਂ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ ਹੈ। ਇਨ੍ਹਾਂ ਇਮਾਰਤਾਂ ਵਿੱਚ ਚਾਰ ਸਕੂਲ ਦੋ ਸ਼ਿਫਟਾਂ ਵਿੱਚ ਚੱਲਣਗੇ, ਜਿੱਥੇ 10 ਹਜ਼ਾਰ ਦੇ ਕਰੀਬ ਬੱਚੇ ਸਿੱਖਿਆ ਹਾਸਲ ਕਰ ਸਕਣਗੇ। ਸਕੂਲ ਦੀਆਂ ਦੋਵੇਂ ਨਵੀਆਂ ਇਮਾਰਤਾਂ ਵਿੱਚ 100 ਤੋਂ ਵੱਧ ਅਤਿ-ਆਧੁਨਿਕ ਕਲਾਸਰੂਮ ਹੋਣਗੇ। ਇਸ ਤੋਂ ਇਲਾਵਾ ਲੈਬਾਰਟਰੀ, ਲਾਇਬ੍ਰੇਰੀ, ਐਕਟੀਵਿਟੀ ਰੂਮ ਅਤੇ ਲਿਫਟ ਸਮੇਤ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਆਤਿਸ਼ੀ ਵੀ ਮੌਜੂਦ ਸੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇੱਕ ਸਮਾਂ ਸੀ, ਜਦੋਂ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਮਾੜੀ ਸੀ ਕਿ ਗਰੀਬ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਲਈ ਮਜਬੂਰ ਸਨ। ਉਨ੍ਹਾਂ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਭਰਨ ਲਈ ਪੈਸੇ ਨਹੀਂ ਸਨ।
ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਬੱਚੇ ਸਿੱਖਿਆ ਹਾਸਲ ਕਰਕੇ ਕੁਝ ਬਣ ਸਕਣਗੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਬਿਲਕੁਲ ‘ਸਿਫਰ’ ਸੀ। ਉਨ੍ਹਾਂ ਦੱਸਿਆ ਕਿ ਕਿਰਾੜੀ ਇਲਾਕੇ ਦੇ 10 ਸਕੂਲਾਂ ਦੀ ਹਾਲਸ ਬਹੁਤ ਤਰਸਯੋਗ ਸੀ ਪਰ ਅਸੀਂ ਇਨ੍ਹਾਂ ਸਕੂਲਾਂ ਦਾ ਵਿਕਾਸ ਕਰਕੇ ਇਨ੍ਹਾਂ ਨੂੰ ਸ਼ਾਨਦਾਰ ਢਾਂਚੇ ਵਿੱਚ ਢਾਲਿਆ। ਇਸ ਤੋਂ ਇਲਾਵਾ ਹੁਣ ਅਸੀਂ 10 ਨਵੇਂ ਸਕੂਲ ਬਣਾਉਣ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਚਾਰ ਨਵੇਂ ਸਕੂਲ ਕਿਰਾੜੀ ਇਲਾਕੇ ਵਿੱਚ ਬਣਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ, ‘‘ਕੇਂਦਰ ਸਰਕਾਰ ਪੂਰੇ ਦੇਸ਼ ਦੇ ਸਿੱਖਿਆ ਅਤੇ ਸਿਹਤ ’ਤੇ ਬਜਟ ਦਾ ਸਿਰਫ 4 ਫ਼ੀਸਦੀ ਖਰਚ ਕਰ ਰਹੀ ਹੈ। ਉਥੇ ਹੀ ਦਿੱਲੀ ਸਰਕਾਰ ਪਿਛਲੇ 8 ਸਾਲਾਂ ਤੋਂ ਸਕੂਲਾਂ ਅਤੇ ਹਸਪਤਾਲਾਂ ’ਤੇ ਹਰ ਸਾਲ ਆਪਣੇ ਬਜਟ ਦਾ 40 ਫ਼ੀਸਦੀ ਖਰਚ ਕਰਦੀ ਹੈ। ਜੇਕਰ ਅਸੀਂ ਪੈਸੇ ਨਹੀਂ ਖਰਚਾਂਗੇ ਤਾਂ ਸਕੂਲ ਕਿਵੇਂ ਚੱਲਣਗੇ ? ਇਸ ਲਈ ਪੈਸਾ ਖਰਚ ਕਰਨਾ ਪੈਂਦਾ ਹੈ।’’