ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਦਸੰਬਰ
ਕੇਜਰੀਵਾਲ ਸਰਕਾਰ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਓਮੀਕਰੋਨ ਵੇਰੀਐਂਟ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੇਜਰੀਵਾਲ ਨੇ ਕਿਹਾ, ‘‘ਲੋੜੀਂਦੀ ਮਾਤਰਾ ਵਿੱਚ ਆਕਸੀਜਨ, ਬਿਸਤਰੇ, ਦਵਾਈਆਂ ਤੇ ਉਪਕਰਨਾਂ ਦਾ ਪ੍ਰਬੰਧ ਕੀਤਾ ਹੈ। ਚਿੰਤਾ ਨਾ ਕਰੋ, ਸਮਾਜਿਕ ਦੂਰੀ ਦੀ ਪਾਲਣਾ ਕਰੋ ਤੇ ਜੇਕਰ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ, ਤਾਂ ਤੁਹਾਨੂੰ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ’’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦਿੱਲੀ ਸਰਕਾਰ ਦੀ ਤਿਆਰੀ 64-65 ਹਜ਼ਾਰ ਬੈੱਡ ਤਿਆਰ ਕਰਨ ਦੀ ਹੈ। ਫਿਲਹਾਲ 30 ਹਜ਼ਾਰ ਆਕਸੀਜਨ ਬੈੱਡ ਤਿਆਰ ਕਰ ਲਏ ਹਨ, ਜਿਨ੍ਹਾਂ ’ਚ 10 ਹਜ਼ਾਰ ਆਈਸੀਯੂ ਬੈੱਡ ਹਨ। ਦਿੱਲੀ ਸਰਕਾਰ ਫਰਵਰੀ ਤੱਕ ਹੋਰ 6800 ਆਈਸੀਯੂ ਬੈੱਡ ਤਿਆਰ ਕਰੇਗੀ। ਜੇਕਰ ਲੋੜ ਪਈ ਤਾਂ ਦੋ ਹਫ਼ਤਿਆਂ ਦੇ ਨੋਟਿਸ ’ਤੇ ਦਿੱਲੀ ਦੇ ਹਰ ਵਾਰਡ ਵਿੱਚ 100-100 ਆਕਸੀਜਨ ਬੈੱਡ ਤਿਆਰ ਕੀਤੇ ਜਾਣਗੇ। 32 ਕਿਸਮ ਦੀਆਂ ਦਵਾਈਆਂ ਦੇ ਦੋ ਮਹੀਨਿਆਂ ਲਈ ਬਫਰ ਸਟਾਕ ਦੇ ਆਰਡਰ ਦਿੱਤੇ ਗਏ ਹਨ। ਦਿੱਲੀ ਸਰਕਾਰ ਨੇ 442 ਟਨ ਆਕਸੀਜਨ ਸਟੋਰੇਜ ਦੀ ਵਾਧੂ ਸਮਰੱਥਾ ਬਣਾਈ ਹੈ ਤੇ ਦਿੱਲੀ ਵਿੱਚ 121 ਟਨ ਆਕਸੀਜਨ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ। ਆਕਸੀਜਨ ਦੇ ਪ੍ਰਬੰਧਨ ਲਈ ਸਾਰੀਆਂ ਟੈਂਕੀਆਂ ਵਿੱਚ ਟੈਲੀਮੈਟਰੀ ਯੰਤਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਉਪਲਬਧ ਆਕਸੀਜਨ ਦੀ ਜਾਣਕਾਰੀ ਅਸਲ ਸਮੇਂ ’ਤੇ ਮਿਲ ਸਕੇ। ਸਰਕਾਰ ਨੇ ਦੋ ਬੋਟਲਿੰਗ ਪਲਾਂਟ ਸਥਾਪਿਤ ਕੀਤੇ ਹਨ। ਕਰੋਨਾ ਦੀ ਸੰਭਾਵਿਤ ਲਹਿਰ ਦੇ ਮੱਦੇਨਜ਼ਰ ਮਨੁੱਖੀ ਸ਼ਕਤੀ ਦੀ ਕਮੀ ਤੋਂ ਬਚਣ ਲਈ, ਕੇਜਰੀਵਾਲ ਸਰਕਾਰ ਨੇ ਮਾਹਰ ਡਾਕਟਰਾਂ ਦੇ ਨਾਲ-ਨਾਲ ਮੈਡੀਕਲ ਵਿਦਿਆਰਥੀਆਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਕੋਵਿਡ ਪ੍ਰਬੰਧਨ ਦੀ ਵਿਸ਼ੇਸ਼ ਸਿਖਲਾਈ ਦਿੱਤੀ ਹੈ। ਕੇਜਰੀਵਾਲ ਸਰਕਾਰ ਨੇ ਕੁੱਲ 15370 ਡਾਕਟਰਾਂ, ਨਰਸਾਂ, ਮੈਡੀਕਲ ਵਿਦਿਆਰਥੀਆਂ ਅਤੇ ਪੈਰਾਮੈਡਿਕਸ ਨੂੰ ਸਿਖਲਾਈ ਦਿੱਤੀ ਹੈ, ਜਿਸ ਵਿੱਚ 4673 ਡਾਕਟਰ, 1707 ਮੈਡੀਕਲ ਵਿਦਿਆਰਥੀ, 6265 ਨਰਸਾਂ ਅਤੇ 2726 ਪੈਰਾਮੈਡਿਕਸ ਸ਼ਾਮਲ ਹਨ। ਉਨ੍ਹਾਂ ਨੂੰ ਆਕਸੀਜਨ ਥੈਰੇਪੀ, ਕੋਵਿਡ ਪ੍ਰਬੰਧਨ, ਬਾਲ ਰੋਗ ਵਾਰਡ ਕੋਵਿਡ ਪ੍ਰਬੰਧਨ ਦੀ ਸਿਖਲਾਈ ਦਿੱਤੀ ਗਈ ਹੈ। ਸਿਹਤ ਸਹਾਇਕਾਂ ਨੂੰ ਨਰਸਿੰਗ, ਪੈਰਾਮੈਡਿਕਸ, ਹੋਮ ਕੇਅਰ, ਬਲੱਡ ਪ੍ਰੈਸ਼ਰ ਮਾਪ, ਟੀਕਾਕਰਨ ਅਤੇ ਹੋਰ ਮੁਢਲੀ ਸਿਖਲਾਈ ਦਿੱਤੀ ਗਈ ਹੈ। ਕੇਜਰੀਵਾਲ ਸਰਕਾਰ ਨੇ ਕੋਵਿਡ ਹੈਲਪਲਾਈਨ ਨੰਬਰ 1031 ਜਾਰੀ ਕੀਤਾ ਹੈ ਤਾਂ ਜੋ ਕੋਵਿਡ ਦੇ ਮਰੀਜ਼ਾਂ ਨੂੰ ਕਿਸੇ ਵੀ ਸਮੱਸਿਆ ਦੌਰਾਨ ਮਦਦ ਕੀਤੀ ਜਾ ਸਕੇ। ਇਹ ਹੈਲਪਲਾਈਨ ਨੰਬਰ 24 ਘੰਟੇ ਕੰਮ ਕਰਦਾ ਹੈ। ਇਸ ਵਿੱਚ ਤਿੰਨ ਸ਼ਿਫਟਾਂ ਵਿੱਚ 25 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ, ਜੋ 600 ਤੋਂ 700 ਕਾਲਾਂ ਨੂੰ ਅਟੈਂਡ ਕਰ ਸਕਦੇ ਹਨ। ਇਸੇ ਤਰ੍ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਦੀ 65ਵੀਂ ਬਰਸੀ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਉਨ੍ਹਾਂ ਦੇ ਜੀਵਨ ਤੇ ਸੰਘਰਸ਼ਾਂ ਨੂੰ ਵਿਸ਼ਾਲ ਨਾਟਕ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਦਾ ਇਹ ਸੁਪਨਾ ਸੀ ਕਿ ਦੇਸ਼ ਦੇ ਹਰ ਬੱਚੇ, ਗਰੀਬ ਤੇ ਦੱਬੇ-ਕੁਚਲੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲੇ। ਅੱਜ 75 ਸਾਲਾਂ ਬਾਅਦ ਵੀ ਉਹ ਚੰਗੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਿਆ। ਮੁੱਖ ਮੰਤਰੀ ਨੇ ਕਿਹਾ ਕਿ 5 ਜਨਵਰੀ, 2022 ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਬਾਬਾ ਸਾਹਿਬ ਦੇ ਜੀਵਨ ’ਤੇ ਆਧਾਰਿਤ ਸ਼ਾਨਦਾਰ ਨਾਟਕ ਸ਼ੁਰੂ ਹੋਵੇਗਾ ਤੇ ਇਸ ਲਈ 50 ਸ਼ੋਅ ਕਰਵਾਏ ਜਾਣਗੇ।
ਤਾਲਾਬੰਦੀ ਦੀ ਕੋਈ ਸੰਭਾਵਨਾ ਨਹੀਂ: ਜੈਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਓਮੀਕਰੋਨ ਮਾਮਲਿਆਂ ਦੇ ਵਧਦੇ ਡਰ ਦੇ ਵਿਚਕਾਰ, ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ਹਿਰ ਵਿੱਚ ਕਰੋਨਾ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਓਮੀਕਰੋਨ ਵੇਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕਰ ਰਹੀ ਹੈ। ਇਸ ਮੁੱਦੇ ’ਤੇ ਬੋਲਦਿਆਂ ਜੈਨ ਨੇ ਅੱਗੇ ਕਿਹਾ, “ਇਸ ਸਮੇਂ ਤਾਲਾਬੰਦੀ ਦੀ ਕੋਈ ਸੰਭਾਵਨਾ ਨਹੀਂ ਹੈ। ਕੋਵਿਡ ਦੇ ਮਾਮਲੇ ਵਧਣ ’ਤੇ ਦਿੱਲੀ ਸਰਕਾਰ ਆਪਣੀ ‘ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ’ ਨੂੰ ਲਾਗੂ ਕਰੇਗੀ। ਦੇਸ਼ ਵਿੱਚ ਕਰੋਨਵਾਇਰਸ ਦੇ ਨਵੇਂ ਰੂਪਾਂ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਤਾਲਾਬੰਦੀ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੋਵਿਡ ਦੇ ਮਾਮਲੇ ਵਧਦੇ ਹਨ ਤਾਂ ਦਿੱਲੀ ਸਰਕਾਰ ਆਪਣੀ “ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ” ਨੂੰ ਲਾਗੂ ਕਰੇਗੀ। ਦੂਜਾ ਪੱਧਰ 1% ਦੀ ਪਾਜ਼ੇਟਿਵ ਦਰ ‘ਤੇ ਲਾਗੂ ਕੀਤਾ ਜਾਵੇਗਾ, ਤੀਜੇ ਪੱਧਰ ਨੂੰ 2% ਦੀ ਪਾਜ਼ੇਟਿਵ ਦਰ ’ਤੇ ਲਾਗੂ ਕੀਤਾ ਜਾਵੇਗਾ ਤੇ ਆਖਰੀ ਪੜਾਅ ਉਦੋਂ ਸ਼ੁਰੂ ਕੀਤਾ ਜਾਵੇਗਾ ਜਦੋਂ 5% ਦੀ ਪਾਜ਼ੇਟਿਵ ਦਰ ’ਤੇ ਪਹੁੰਚਦੇ ਹਨ, ਪਿਛਲੀ ਵਾਰ ਜਦੋਂ ਲਗਪੱਗ 14-15% ਦੀ ਪਾਜ਼ੇਟਿਵ ਦਰ ’ਤੇ ਪਹੁੰਚ ਗਏ ਸੀ, ਆਖਰੀ ਪੜਾਅ ਲਾਗੂ ਕੀਤਾ ਗਿਆ ਸੀ।
ਦਿੱਲੀ ਹਵਾਈ ਅੱਡੇ ’ਤੇ ਯਾਤਰੀ ਹੋ ਰਹੇ ਖੁਆਰ
ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੌਮੀ ਤੇ ਕੌਮਾਂਤਰੀ ਯਾਤਰੀਆਂ ਨੂੰ ਖਾਸਾ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੂੰ ਭੀੜ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਚਾਰ-ਪੰਜੇ ਘੰਟੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਈ ਹਵਾਈ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣ ਮਗਰੋਂ ਭਾਰਤ ਦੇ ਕਿਸੇ ਹਿੱਸੇ ਵਿੱਚ ਜਾਣ ਲਈ ਘਰੇਲੂ ਉਡਾਣ ਲੈਣ ਲਈ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭੀੜ ਤੇ ਹਵਾਈ ਅੱਡੇ ਦੇ ਅਮਲੇ ਦੀ ਕਥਿਤ ਲਾਪ੍ਰਵਾਹੀ ਕਾਰਨ ਉਨ੍ਹਾਂ ਯਾਤਰੀਆਂ ਲਈ ਸਮੱਸਿਆ ਹੁੰਦੀ ਹੈ ਜਿਨ੍ਹਾਂ ਦੀ ਕੌਮਾਂਤਰੀ ਤੇ ਘਰੇਲੂ ਉਡਾਣ ਦਰਮਿਆਨ ਬਹੁਤ ਘੱਟ ਵਖਵਾ ਹੁੰਦਾ ਹੈ। ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ਵਿੱਚ ਬੀਤੇ ਦਿਨੀਂ ਹੋਈ ਦੇਰੀ ਨੇ ਬੀਤੀ ਰਾਤ ਫਿਰ ਹੋਈ ਦੇਰੀ ਨੇ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਵਿੱਚ ਪਾਇਆ। ਓਮੀਕਰੋਨਾ ਦੇ ਭੈਅ ਕਾਰਨ ਵੀ ਮੁਸਾਫਿਰਾਂ ਦੀ ਗਿਣਤੀ ਅਚਾਨਕ ਵੱਧ ਗਈ ਹੈ। ਕਈ ਯਾਤਰੀਆਂ ਨੇ ਕਿਹਾ ਕਿ ਕਰੋਨਾ ਦੀ ਲਾਜ਼ਮੀ ਜਾਂਚ ਕਰਨ ਲਈ ਸਹੂਲਤਾਂ ਦੀ ਕਮੀ ਦੀ ਸਾਹਮਣੇ ਆਈ ਹੈ ਤੇ ਯਾਤਰੀਆਂ ਨੂੰ 4 ਤੋਂ 5 ਘੰਟੇ ਪਹਿਲਾਂ ਹਵਾਈ ਅੱਡੇ ਉਪਰ ਆਉਣਾ ਹੁੰਦਾ ਹੈ। ਅੱਗੋਂ ਖਾਸੀ ਭੀੜ ਹੋਣ ਕਰਕੇ ਕਰੋਨਾ ਨੇਮਾਂ ਦੀਆਂ ਧੱਜੀਆਂ ਉਡ ਜਾਂਦੀਆਂ ਹਨ। ਅੰਦਰ ਪੁਲੀਸ ਅਮਲਾ ਵੀ ਯਾਤਰੀਆਂ ਨੂੰ ਜਾਂਚ ਦੇ ਨਾਂ ’ਤੇ ਤੰਗ ਕਰਦਾ ਹੈ।