ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਸ਼ੋਰ ਪ੍ਰਦੂਸ਼ਣ ਉਪਰ ਕਾਬੂ ਪਾਉਣ ਲਈ ਦਿੱਲੀ ਪ੍ਰਦੂਸ਼ਣ ਰੋਕਥਾਮ ਕਮੇਟੀ ਨੇ ਬਿਨਾਂ ਆਗਿਆ ਲਾਊਡਸਪੀਕਰ ਵਜਾਉਣ ’ਤੇ ਇੱਕ ਲੱਖ ਜੁਰਮਾਨਾ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਵਿੱਚ ਡੀਜ਼ਲ ਜਰਨਰੇਟਰ 1000 ਕਿਲੋਵਾਟ ਤੋਂ ਵੱਧ ਹੋਣ ’ਤੇ ਵੀ ਇੱਕ ਲੱਖ ਜੁਰਮਾਨਾ ਲਾਉਣ ਦਾ ਹੁਕਮ ਜਾਰੀ ਕੀਤਾ ਹੈ’ ਰੋਕਥਾਮ ਕਮੇਟੀ ਨੇ ਪਹਿਲਾਂ ਕੀਤੇ ਜਾਂਦੇ ਜੁਰਮਾਨੇ ਵਿੱਚ ਉਕਤ ਸੋਧ ਕੀਤੀ ਹੈ। ਨਾਲ ਹੀ ਬਿਨਾਂ ਆਗਿਆ ਉਸਾਰੀ ਵਾਲੇ ਸਾਜੋ-ਸਮਾਨ ਰੱਖਣ ਉਪਰ ਵੀ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੀਂ ਸੋਧ ਮੁਤਾਬਕ ਕਿਸੇ ਵੀ ਮਾਧਿਅਮ ਰਾਹੀਂ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਉਪਰ ਵੀ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਅਜਿਹੇ ਪਲਾਂਟਾਂ ਨੂੰ ਵੀ ਜਬਤ ਕਰ ਲਿਆ ਜਾਵੇਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਮੇਟੀ ਦੇ ਇਸ ਸੋਧ ਮਤੇ ਨੂੰ ਮੰਨ ਲਿਆ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਜੈਨਰੇਟਰ ਸੈੱਟਾਂ ਦੇ ਸ਼ੋਰ ਪ੍ਰਦੂਸ਼ਣ ਸੰਬੰਧੀ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਲਾਂਟ ਨੂੰ ਵੀ ਹੁਣ ਜ਼ਬਤ ਕਰ ਲਿਆ ਜਾਵੇਗਾ। ਜੇ ਨਿਰਮਾਣ ਉਪਕਰਣ ਨਿਰਧਾਰਤ ਮਾਪਦੰਡਾਂ ਤੋਂ ਵੱਧ ਰੌਲਾ ਪਾਉਂਦੇ ਹਨ ਤਾਂ ਉਪਕਰਣਾਂ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।