ਕੁਲਦੀਪ ਸਿੰਘ
ਨਵੀਂ ਦਿੱਲੀ, 28 ਸਤੰਬਰ
ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਕਰਵਾਏ ਮਹੀਨਾਵਾਰ ਲੈਕਚਰ ਦੀ ਲੜੀ ਦੇ ਤਹਿਤ ਇਸ ਵਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪ੍ਰੋ. ਸ਼ਹਾਬੂਦੀਨ ਇਰਾਕੀ ਨੇ ‘ਇੰਟਰੈਕਸ਼ਨ ਬਿਟਵੀਨ ਦ ਸੈਂਟ ਐਂਡ ਦ ਸੂਫੀ ਟਰੈਡੀਸ਼ਨ’ ਉੱਤੇ ਲੈਕਚਰ ਦਿੱਤਾ। ਇਸ ਦੀ ਪ੍ਰਧਾਨਗੀ ਜੇਐਨਯੂ ਤੋਂ ਪ੍ਰੋਫ਼ੈਸਰ ਇਮੈਰੀਟਸ ਹਰਜੀਤ ਸਿੰਘ ਗਿੱਲ ਨੇ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਰਵੇਲ ਸਿੰਘ ਨੇ ਇਸ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦਿਆਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਦਨ ਦੀਆਂ ਪਿਛਲੇ ਵਰ੍ਹੇ ਤੋਂ ਚਲ ਰਹੀਆਂ ਲੜੀਵਾਰ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਉਪਰੰਤ ਮੁੱਖ ਵਕਤਾ ਪ੍ਰੋ. ਸ਼ਹਾਬੂਦੀਨ ਇਰਾਕੀ ਨੇ ਸੰਤ ਸੂਫ਼ੀ ਪਰੰਪਰਾ ਉਪਰ ਗੱਲ ਕਰਦਿਆਂ ਇਨ੍ਹਾਂ ਦੀ ਆਪਸੀ ਸਾਂਝ ਨੂੰ ਭਾਸ਼ਾ, ਪ੍ਰਤੀਕਾਂ, ਰੂਪਾਕਾਰਾਂ, ਸੰਕਲਪਾਂ ਆਦਿ ਪੱਧਰ ਤੇ ਪਛਾਨਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਨੁਸਾਰ ਦੋਵੇਂ ਪਰੰਪਰਾਵਾਂ ਆਪਣੀਆਂ ਰੂੜ੍ਹੀਵਾਦੀ ਧਰਮ ਪ੍ਰਣਾਲੀਆਂ ਤੋਂ ਪਾਰ ਜਾ ਕੇ ਉਸ ਦਾ ਉਦਾਰਵਾਦੀ ਪ੍ਰਗਟਾਅ ਕਰਦੀਆਂ ਹਨ। ਨਤੀਜੇ ਵਜੋਂ ਧਰਮ ਦਾ ਅਧਿਆਤਮਕ, ਲੋਕ ਹਿਤਕਾਰੀ ਅਤੇ ਸੰਪਰਦਾਇਕ ਨਿਰਪੇਖ ਪੱਖ ਸਾਹਮਣੇ ਆਉਂਦਾ ਹੈ ਅਤੇ ਇਹੀ ਉਹ ਪੱਖ ਹੈ ਜਿਸ ਆਸਰੇ ਦੋਵੇਂ ਪਰੰਪਰਾਵਾਂ ਦੀ ਆਪਸੀ ਸਾਂਝ ਉਜਾਗਰ ਹੁੰਦੀ ਹੈ। ਸੂਫ਼ੀ ਤੇ ਸੰਤ ਕਵੀ ਆਪਣੇ ਅਨੁਭਵ ਦੇ ਪ੍ਰਗਟਾਅ ਲਈ ਭਾਰਤੀ ਪਰੰਪਰਾ ਤੇ ਸਭਿਆਚਾਰ ‘ਚੋਂ ਪ੍ਰਤੀਕ, ਬਿੰਬ ਲੈਂਦੇ ਹਨ ਤੇ ਉਸ ਨੂੰ ਲੋਕਾਂ ਦੀ ਭਾਸ਼ਾ ‘ਚ ਪ੍ਰਗਟਾਉਂਦੇ ਹਨ।
ਉਨ੍ਹਾਂ ਦੋਵੇਂ ਪਰੰਪਰਾਵਾਂ ਦੇ ਸ਼ਾਇਰਾਂ ਦੀਆਂ ਰਚਨਾਵਾਂ ਤੋਂ ਹੋਂਦ ਵਿਚ ਆਏ ਸੰਚਿਤ ਗ੍ਰੰਥਾਂ ਦਾ ਵੀ ਉਲੇਖ ਕੀਤਾ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਪੰਚਾਇਣ, ਪੰਚਾਇਤਨ, ਰੁਸ਼ਟਨਾਮਾ ਆਦਿ ਜ਼ਿਕਰਯੋਗ ਹਨ। ਉਪਰੰਤ ਡਾ. ਹਰਜੀਤ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਇਰਾਕੀ ਦੇ ਖੋਜ ਭਰਪੂਰ ਵਿਆਖਿਆਨ ਦੀ ਪ੍ਰਸੰਸਾ ਕਰਦਿਆਂ ਫ਼ਲਸਫ਼ਾਨਾ ਨੁਕਤੇ ਤੋਂ ਗੁਰੂ ਨਾਨਕ ਦੇ ਵਿਚਾਰ ਸੰਦੇਸ਼ ਨੂੰ ਰੂਪਮਾਨ ਕੀਤਾ। ਉਨ੍ਹਾਂ ਅਨੁਸਾਰ ਅਧਿਆਤਮਿਕਤਾ ਦਾ ਲੋਕਸ਼ੈਲੀ ‘ਚ ਨਿਰੂਪਣ ਕਰਨ ਵਾਲੇ ਸੂਫ਼ੀ ਅਤੇ ਸੰਤ ਸ਼ਾਇਰਾਂ ਤੋਂ ਗੁਰੂ ਨਾਨਕ ਫ਼ਿਲਾਸਫ਼ੀ ਦੇ ਪੱਧਰ ਤੇ ਅਸਲੋਂ ਵਿਲੱਖਣ ਸਨ। ਅਖ਼ੀਰ ਵਿੱਚ ਸਭਾ ਦੇ ਸੰਚਾਲਕ ਡਾ. ਰਵੇਲ ਸਿੰਘ ਨੇ ਸੂਫ਼ੀ ਅਤੇ ਸੰਤਾਂ ਦੀ ਆਪਸੀ ਸਾਂਝ ਨੂੰ ਉਲੀਕਦੇ ਪ੍ਰੋ. ਇਰਾਕੀ ਦੇ ਲੈਕਚਰ ਤੋਂ ਇਕ ਨਵੀਂ ਦਿਸ਼ਾ ਵਲ ਜਾਂਦੇ ਪ੍ਰੋ. ਗਿੱਲ ਦੇ ਬ੍ਰਹਿਮੰਡੀ ਖ਼ੁਲਾਸੇ ਨੂੰ ਇਸ ਪ੍ਰੋਗਰਾਮ ਦੀ ਪ੍ਰਾਪਤੀ ਦੱਸਦਿਆਂ, ਵਕਤਿਆਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ।