ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਗਸਤ
ਆਈਆਈਐਮ ਅਹਿਮਦਾਬਾਦ ਦੇ ਸਹਿਯੋਗ ਨਾਲ ਦਿੱਲੀ ਦੇ ਸਰਕਾਰੀ ਸਕੂਲ ਮੁਖੀਆਂ ਲਈ ਕਰਵਾਇਆ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ ਹੈ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਮਾਰੋਹ ਬਾਰੇ ਪ੍ਰਤੀਕਿਰਿਆ ਲਈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਆਨਲਾਈਨ ਸਿਖਲਾਈ ਪ੍ਰਿੰਸੀਪਲਾਂ ਲਈ ਵਧੀਆ ਤਜਰਬਾ ਸੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇਹ ਵੇਖਣਾ ਬਹੁਤ ਚੰਗਾ ਹੋਇਆ ਕਿ ਸਾਡੇ ਪ੍ਰਿੰਸੀਪਲ ਸਾਰਥਕ ਸੰਚਾਰ ਸਿੱਖ ਰਹੇ ਹਨ। ਅੱਜ ਇਹ ਤਕਨੀਕੀ ਵਿਕਾਸ ਤੇ ਆਨਲਾਈਨ ਸਿੱਖਿਆ ਦੇ ਵਧ ਰਹੇ ਮਹੱਤਵ ਦੀ ਰੌਸ਼ਨੀ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਸਿਖਲਾਈ ਹਰ ਸਾਲ ਆਈਆਈਐਮ ਅਹਿਮਦਾਬਾਦ ਦੇ ਸਹਿਯੋਗ ਨਾਲ ਦਿੱਲੀ ਸਰਕਾਰ ਦੇ ਸਕੂਲ ਮੁਖੀਆਂ ਲਈ ਆਯੋਜਿਤ ਕੀਤੀ ਜਾਂਦੀ ਹੈ। ਲੀਡਰਸ਼ਿਪ ਆਫ਼ ਐਕਸੀਲੈਂਸ ਇਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਹੁਣ ਤੱਕ 700 ਤੋਂ ਵੱਧ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸਿਖਲਾਈ ਇਸ ਸਾਲ ਪਹਿਲੀ ਵਾਰ ਇੱਕ ਕਰੋਨਾ ਦੀ ਲਾਗ ਕਾਰਨ ਆਨਲਾਈਨ ਕੀਤੀ ਗਈ । 20 ਜੁਲਾਈ ਨੂੰ ਸ਼ੁਰੂ ਇਸ ਸਿਖਲਾਈ ਵਿਚ ਦਿੱਲੀ ਦੇ ਸਰਕਾਰੀ ਸਕੂਲਾਂ ਦੇ 50 ਪ੍ਰਿੰਸੀਪਲ ਸ਼ਾਮਲ ਹੋਏ ਹਨ। ਆਈਆਈਐਮ ਅਹਿਮਦਾਬਾਦ ਦੇ ਸੀਨੀਅਰ ਪ੍ਰੋਫੈਸਰਾਂ ਨੇ ਉਨ੍ਹਾਂ ਨੂੰ 20 ਸੈਸ਼ਨਾਂ ਵਿੱਚ ਸਿਖਲਾਈ ਦਿੱਤੀ।
ਪ੍ਰਿੰਸੀਪਲ ਰਾਜੇਸ਼ਵਰੀ ਕਪਰੀ ਨੇ ਕਿਹਾ ਕਿ ਉਹ ਆਪਣੇ ਵਿਸ਼ੇ ਦੇ ਮਾਹਰ ਹਨ ਪਰ ਸਾਲ 2009 ਵਿਚ ਪ੍ਰਿੰਸੀਪਲ ਬਣਨ ਤੋਂ ਬਾਅਦ ਸਾਨੂੰ ਪ੍ਰਬੰਧਨ ਦੀ ਕੋਈ ਸਿਖਲਾਈ ਨਹੀਂ ਮਿਲੀ। ਇਸ ਸਿਖਲਾਈ ਨਾਲ ਬਹੁਤ ਸਾਰਾ ਕੰਮ ਕਰਨ ਦੇ ਯੋਗ ਹੋਵਾਂਗੇ। ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਲਈ ਸਾਨੂੰ ਤਿਆਰ ਕਰਨ ਦੇ ਇਹ ਯਤਨ ਹਨ।
ਸ੍ਰੀ ਸਿਸੋਦੀਆ ਨੇ ਕਿਹਾ ਕਿ ਸਾਡੇ ਸਕੂਲਾਂ ਦੇ ਟੀਮ ਆਗੂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਲਈ ਅਜਿਹੀ ਆਨਲਾਈਨ ਸਿਖਲਾਈ ਵਿਚ ਹਿੱਸਾ ਲੈਣਾ ਬਹੁਤ ਲਾਭਦਾਇਕ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਜਦੋਂ ਇਸ ਸਿਖਲਾਈ ਦੀ ਯੋਜਨਾ ਪੰਜ ਸਾਲ ਪਹਿਲਾਂ ਕੀਤੀ ਗਈ ਸੀ ਉਦੋਂ ਸਾਡਾ ਜ਼ੋਰ ਆਈਆਈਐਮ ਉੱਤੇ ਸੀ ਕਿ ਉਹ ਉਨ੍ਹਾਂ ਦੇ ਵਿਹੜੇ ਵਿੱਚ ਇਹ ਸਿਖਲਾਈ ਮੁਹੱਈਆ ਕਰਵਾਉਣ।