ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫ਼ਰਵਰੀ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ, ਜਿਸ ਵਿਚ ਪਹਿਲਾਂ ਹੀ ਮਿਨੀ ਹਸਪਤਾਲ, ਡਾਇਲਸਿਸ ਸੈਂਟਰ, ਮੁਫ਼ਤ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਹੁਣ ਮੋਤੀਆ ਬਿੰਦ ਸੈਂਟਰ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ਦਾ ਉਦਘਾਟਨ ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਦੇ ਮੁਖੀ ਪਦਮਸ੍ਰੀ ਵਿਕਰਮ ਸਿੰਘ ਸਾਹਨੀ ਵੱਲੋਂ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਗਰਦੁਆਰਾ ਸਾਹਿਬ ਵਿਖੇ ਅਰਦਾਸ ਮਗਰੋਂ ਮੋਤੀਆ ਬਿੰਦ ਅਪਰੇਸ਼ਨ ਸੈਂਟਰ ਨੂੰ ਖੋਲ੍ਹ ਦਿੱਤਾ ਗਿਆ। ਇਸ ਸੈਂਟਰ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪੁਰਬ ਨੂੰ ਸਮਰਪਿਤ ਹੋ ਕੇ ਕੀਤਾ ਗਿਆ ਹੈ ਅਤੇ ਇਸ ਦਾ ਨਾਂ ਹੀ ਗੁਰੂ ਤੇਗ ਬਹਾਦਰ ਐਡਵਾਂਸ ਲੇਜ਼ਰ ਆਈ ਸੈਂਟਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਹਰ ਧਰਮ, ਵਰਗ ਦੇ ਲੋਕ ਆ ਕੇ ਮੋਤੀਆ ਬਿੰਦ ਦਾ ਅਪਰੇਸ਼ਨ ਕਰਵਾ ਸਕਦੇ ਹਨ।
ਮੋਤੀਆ ਬਿੰਦ ਆਈ ਸੈਂਟਰ ਦੀ ਪੂਰੀ ਸੇਵਾ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤੀ ਗਈ ਹੈ ਅਤੇ ਇਸ ਵਿਚ ਬਹੁਤ ਹੀ ਘੱਟ ਰੇਟ ’ਤੇ ਮੋਤੀਆ ਬਿੰਦ ਦਾ ਅਪਰੇਸ਼ਨ ਕੀਤਾ ਜਾਵੇਗਾ। ਸ੍ਰੀ ਸਾਹਨੀ ਨੇ ਕਿਹਾ ਕਿ ਸਮਾਜ ਤੋਂ ਜੋ ਗ੍ਰਹਿਣ ਕੀਤਾ ਹੈ ਹੁਣ ਉਸ ਨੂੰ ਮੋੜਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਗੁਰਦੁਆਰੇ ਵੱਲੋਂ ਸਿਹਤ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਲਾਹਿਆ ਤੇ ਸਥਾਨਕ ਸੰਗਤ ਦੇ ਯੋਗਦਾਨ ਨੂੰ ਯਾਦ ਕੀਤਾ। ਸ੍ਰੀ ਸਾਹਨੀ ਵੱਲੋਂ ਵਿਸ਼ਵ ਪੰਜਾਬੀ ਸੰਸਥਾ ਤੇ ਸੰਨ ਫਾਊਂਡੇਸ਼ਨ ਰਾਹੀਂ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ।