ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਹਾਰ ਤੋਂ ਨਿਰਾਸ਼ ਹੁੰਦੀ ਹੈ ਤਾਂ ਉਹ ਰੱਜ ਕੇ ਸਿਆਸੀ ਭਾਸ਼ਣ ਦੇ ਕੇ ‘ਅਪਰੇਸ਼ਨ ਲੋਟਸ’ ਦੇ ਦੋਸ਼ ਲਾਉਣ ਲੱਗ ਜਾਂਦੀ ਹੈ। ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ‘ਆਪ’ ਦੇ ਕਈ ਵਿਧਾਇਕ ਅਤੇ ਕੌਂਸਲਰ ਪਾਰਟੀ ਛੱਡ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਾਜਪਾ ’ਤੇ ‘ਅਪਰੇਸ਼ਨ ਲੋਟਸ’ ਦੇ ਦੋਸ਼ ਲਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਭਾਜਪਾ ਨੂੰ ਕਿਸੇ ‘ਅਪਰੇਸ਼ਨ ਲੋਟਸ’ ਵਿੱਚ ਵਿਸ਼ਵਾਸ ਨਹੀਂ ਹੈ। ਇਸ ਦਾ ਸਬੂਤ ਇਹ ਹੈ ਕਿ 2013 ਵਿੱਚ ਭਾਜਪਾ ਕੋਲ 32 ਵਿਧਾਇਕ ਸਨ, ਵਿਰੋਧੀ ਧਿਰ ਦੇ ਕਈ ਵਿਧਾਇਕ ਵੀ ਨਾਲ ਆਉਣ ਲਈ ਤਿਆਰ ਸਨ ਪਰ ਅਜਿਹੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਲੋਟਸ’ ਦੇ ਦੋਸ਼ ਲਾਉਣ ਵਾਲੀ ਨਵ-ਨਿਯੁਕਤ ਮੁੱਖ ਮੰਤਰੀ ਆਤਿਸ਼ੀ ਇਸ ਸਮੇਂ ਇਨ੍ਹਾਂ ਦੋਸ਼ਾਂ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਹਨ।