ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਐਲਾਨੀ ਗਈ ਤੀਰਥ ਯਾਤਰਾ ਦਾ ਭਾਜਪਾ ਤੇ ਕਾਂਗਰਸ ਵੱਲੋਂ ਵਿਰੋਧ ਕਰਨ ਤੋਂ ਆਮ ਆਦਮੀ ਪਾਰਟੀ ਖਾਸੀ ਖ਼ਫਾ ਹੋਈ ਤੇ ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਇਨ੍ਹਾਂ ਪਾਰਟੀਆਂ ਵੱਲੋਂ ਇਸ ਯੋਜਨਾ ਦਾ ਵਿਰੋਧ ਕਰਨ ਨੂੰ ਕਲਪਨਾ ਤੋਂ ਪਰ੍ਹੇ ਦੀ ਕਿਹਾ ਹੈ। ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਸਥਿਤ ਦਫਤਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੇ ਬਜ਼ੁਰਗਾਂ ਨੂੰ ਰਾਮ ਜਨਮ ਭੂਮੀ ਦੀ ਮੁਫ਼ਤ ਯਾਤਰਾ ਮੁਹੱਈਆ ਕਰਾਉਣ ਦੇ ਕੀਤੇ ਗਏ ਐਲਾਨ ਦਾ ਵਿਰੋਧ ਕਰਨਾ ਕਲਪ ਕਲਪਨਾ ਤੋਂ ਪਰ੍ਹੇ ਗੱਲ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਨੇ ਅਯੁੱਧਿਆ ਵਿੱਚ ਬਣ ਰਹੇ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਲਈ ਦਿੱਲੀ ਦੇ ਬਜ਼ੁਰਗਾਂ ਨੂੰ ਮੁਫ਼ਤ ਯਾਤਰਾ ਦੇਣ ਦਾ ਐਲਾਨ ਕੀਤਾ ਹੈ।
ਭਾਰਦਵਾਜ ਨੇ ਕਿਹਾ ਕਿ, ‘‘ਅਸੀਂ ਸੋਚਿਆ ਸੀ ਕਿ ਭਾਜਪਾ ਦੇ ਕੁਝ ਲੋਕ ਤੀਰਥ ਯਾਤਰਾ ਯੋਜਨਾ ਦੀ ਸ਼ਲਾਘਾ ਕਰਨਗੇ ਪਰ ਭਾਜਪਾ ਦੇ ਲੋਕ ਇਸ ਐਲਾਨ ਤੋਂ ਨਾਰਾਜ਼ ਹਨ। ਕਾਂਗਰਸ ਦੇ ਬੁਲਾਰੇ ਤੀਰਥ ਯਾਤਰਾ ਯੋਜਨਾ ਨੂੰ ਮਨਮੋਹਣੇ ਸੁਪਨੇ ਦੱਸ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਪਿੰਡ ਤੇ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਲੋਕਾਂ ਨੇ ਮੁਫਤ ਤੀਰਥ ਯਾਤਰਾ ਕੀਤੀ। ਦਿੱਲੀ ਦੇ ਸਾਰੇ ਬਜ਼ੁਰਗ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਮੰਨਦੇ ਹਨ ਤੇ ਉਹ ਇਸ ਐਲਾਨ ਤੋਂ ਬਹੁਤ ਖੁਸ਼ ਹਨ’’
ਉਨ੍ਹਾਂ ਕਿਹਾ ਕਿ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿੱਚ ਪੂਰੀ ਦਿੱਲੀ ਨੂੰ ਦੱਸਿਆ ਕਿ ਭਗਵਾਨ ਸ੍ਰੀ ਰਾਮ ਦੇ ਰਾਮ ਰਾਜ ਦੀ ਪਾਲਣਾ ਕਿਵੇਂ ਕੀਤੀ ਜਾਵੇ, ਕਿਵੇਂ ਦਿੱਲੀ ਨੂੰ ਰਾਮ ਰਾਜ ਬਣਾਇਆ ਜਾ ਸਕਦਾ ਹੈ ਤੇ ਕੀ ਹੋਵੇਗਾ। ਸੁਪਰੀਮ ਕੋਰਟ ਦੇ ਆਦੇਸ਼ ਅਤੇ ਫੈਸਲੇ ਤੋਂ ਬਾਅਦ ਸਾਲਾਂ ਤੋਂ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਸਾਡੇ ਬਹੁਤ ਸਾਰੇ ਬਜ਼ੁਰਗ ਜੋੜੇ ਅਯੁੱਧਿਆ ਵਿਚ ਭਗਵਾਨ ਰਾਮ ਦੇ ਜਨਮ ਸਥਾਨ ਨੂੰ ਵੇਖਣਾ ਚਾਹੁੰਦੇ ਹਨ, ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਹਰੇਕ ਬਜ਼ੁਰਗ ਵਿਅਕਤੀ ਨੂੰ ਅਯੁੱਧਿਆ ਦੀ ਮੁਫਤ ਯਾਤਰਾ ਮੁਹੱਈਆ ਕਰਵਾਉਣਗੇ।