ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਅਪਰੈਲ
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਟਿਕਰੀ ਬਾਰਡਰ ’ਤੇ ਗ਼ਦਰੀ ਗੁਲਾਬ ਕੌਰ ਨਗਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗਾਂ ’ਤੇ ਚੱਲਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਅੱਜ ਦੀਆਂ ਜਾਬਰ ਹਕੂਮਤਾਂ ਖ਼ਿਲਾਫ਼ ਵੀ ਉਨ੍ਹਾਂ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਹੀ ਕਰਨਾ ਪੈਣਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੇ ਇਤਿਹਾਸ ਵਿੱਚੋਂ ਗੁਰੂ ਤੇਗ ਬਹਾਦਰ ਦੀ ਲਾਸਾਨੀ ਕੁਰਬਾਨੀ ਜ਼ਿੰਦਗੀ ਜਿਊਣ ਦਾ ਬਲ ਬਖਸ਼ਦੀ ਹੈ ਕਿਉਂਕਿ ਗੁਰੂ ਜੀ ਨੇ ਦੂਜੇ ਧਰਮ ਦੇ ਲੋਕਾਂ ਦੀ ਰੱਖਿਆ ਲਈ ਔਰੰਗਜ਼ੇਬ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਆਪਣਾ ਸੀਸ ਦੇ ਕੇ ਕੀਤਾ ਸੀ। ਉਨ੍ਹਾਂ ਔਰੰਗਜ਼ੇਬ ਦੇ ਜਬਰ ਦੀ ਤੁਲਨਾ ਅੱਜ ਦੇ ਹੁਕਮਰਾਨਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਘੋਲ ਨੂੰ ਫੇਲ੍ਹ ਕਰਨ ਵਾਸਤੇ ਹੁਕਮਰਾਨਾਂ ਵੱਲੋਂ ਫ਼ਿਰਕਾਪ੍ਰਸਤੀ ਦਾ ਪੱਤਾ ਖੇਡ ਕੇ ਆਗੂਆਂ ’ਤੇ ਵੱਖ ਵੱਖ ਤਰ੍ਹਾਂ ਦੇ ਲੇਬਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕਾਂ ਨੇ ਸਬਰ ਤੋਂ ਕੰਮ ਲੈਂਦਿਆਂ ਸਭ ਚਾਲਾਂ ਫੇਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਦੀ ਇੱਕੋ-ਇੱਕ ਮਨਸ਼ਾ ਲੋਕਾਂ ਦੀ ਲੁੱਟ ਕਰਨੀ ਤੇ ਦਾਬੇ ਥੱਲੇ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ੀਆਂ ਨੂੰ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਤੇ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਅਜੋਕੇ ਸਮੇਂ ਦੇ ਜਬਰ ਦਾ ਮੁਕਾਬਲਾ ਵੱਡੀਆਂ ਲਾਮਬੰਦੀਆਂ ਕਰ ਕੇ, ਲੋਕਾਂ ਦੇ ਚੇਤਨਾ ਪੱਧਰ ਨੂੰ ਉੱਚਾ ਚੁੱਕ ਕੇ, ਲੋਕਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ।
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਿਵੇਂ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਲਈ ਸ਼ਹਾਦਤ ਦੇ ਕੇ ਹਿੰਦੂ ਨਹੀਂ ਬਣੇ ਤੇ ਮਸੰਦਾਂ ਨੂੰ ਜਾਨੋਂ ਮਾਰ ਕੇ ਸਿੱਖ ਵਿਰੋਧੀ ਨਹੀਂ ਹੋਏ। ਵੱਖ-ਵੱਖ ਵਿਚਾਰਾਂ ਦੇ ਵਖਰੇਵੇਂ ਰੱਖਦੇ ਹੋਏ ਵੀ ਹਮਾਇਤ ਹੋ ਸਕਦੀ ਹੈ ਅਤੇ ਵਿਚਾਰ ਇੱਕ ਹੁੰਦੇ ਹੋਏ ਵੀ ਨਿਖੇੜਾ ਕਰਨਾ ਚਾਹੀਦਾ ਹੈ। ਅੱਜ ਮੋਰਚਾ ਵੀ ਇਸ ਮੋੜ ’ਤੇ ਆ ਖੜ੍ਹਾ ਹੈ ਕਿ ਸਾਨੂੰ ਅੰਦਰੋਂ-ਬਾਹਰੋਂ ਹਮਾਇਤੀਆਂ ਅਤੇ ਢਾਹ ਲਾਊ ਹਿੱਸਿਆ ਦੀ ਪਛਾਣ ਕਰ ਕੇ ਜਨਤਾ ’ਚ ਚੇਤਨਾ ਲਿਆ ਕੇ ਲੋਕਾਂ ’ਚੋਂ ਨਿਖੇੜਨਾ ਪਵੇਗਾ। ਅੱਜ ਸਟੇਜ ਦੀ ਸ਼ੁਰੂਆਤ ਗੁਰੂਆਂ ਦੀਆਂ ਸ਼ਹਾਦਤਾਂ ਨਾਲ਼ ਸਬੰਧਿਤ ਗੀਤਾਂ ਨਾਲ਼ ਕੀਤੀ ਗਈ।