ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ ਕਿਉਂਕਿ ਭਾਰਤ ਦੇ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਲਈ ‘ਔਰੇਂਜ’ ਅਲਰਟ ਜਾਰੀ ਕੀਤਾ ਹੈ। ਦਿੱਲੀ ਵਿੱਚ ਲੋਕਾਂ ਨੂੰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ’ਤੇ ਰਿਹਾ ਤੇ ਘੱਟ ਤੋਂ ਘੱਟ 33 ਡਿਗਰੀ ਸੈਲਸੀਅਸ ਰਿਹਾ। ਸ਼ਨਿਚਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਐਤਵਾਰ ਲਈ ਮੌਸਮ ਵਿਭਾਗ ਨੇ ਗਰਮੀ ਮੱਦੇਨਜ਼ਰ, ਕਦੇ-ਕਦਾਈਂ ਤੇਜ਼ ਹਵਾਵਾਂ ਦੇ ਨਾਲ ਮੁੱਖ ਤੌਰ ‘ਤੇ ਆਸਮਾਨ ਸਾਫ ਹੋਣ ਦੀ ਭਵਿੱਖਬਾਣੀ ਕੀਤੀ ਸੀ।
ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਸੀਜ਼ਨ ਦੇ ਆਮ ਪੱਧਰ ਤੋਂ ਛੇ ਡਿਗਰੀ ਵੱਧ ਦਰਜ ਕੀਤੇ ਜਾਣ ਮਗਰੋਂ ਆਈਐਮਡੀ ਨੇ ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ 17 ਜੂਨ ਤੱਕ ਹੀਟਵੇਵ ਤੋਂ ਲੈ ਕੇ ਗੰਭੀਰ ਹੀਟਵੇਵ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ।
ਗਰਮੀ ਵਧਣ ਕਾਰਨ ਦੁਕਾਨਦਾਰਾਂ ਦੀ ਆਮਦਨੀ ਘਟੀ
ਰਾਜਧਾਨੀ ਦੇ 15 ਬਾਜ਼ਾਰਾਂ ਵਿੱਚ 700 ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਦਾ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ ਹੈ। ਦਿੱਲੀ ਵਿੱਚ ਸਟ੍ਰੀਟ ਵਿਕਰੇਤਾਵਾਂ ਨੇ ਮੌਜੂਦਾ ਗਰਮੀ ਦੇ ਦੌਰ ਦੌਰਾਨ ਆਮਦਨੀ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ ਅਤੇ ਸਿਰਦਰਦ ਅਤੇ ਚਿੜਚਿੜੇਪਨ ਵਰਗੇ ਸਿਹਤ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ। ਇਹ ਅਧਿਐਨ ਸ਼ਹਿਰ ਵਿੱਚ ਸਟ੍ਰੀਟ ਵਿਕਰੇਤਾਵਾਂ ਦੀ ਸਿਹਤ ਤੇ ਰੋਜ਼ੀ-ਰੋਟੀ ’ਤੇ ਬਹੁਤ ਜ਼ਿਆਦਾ ਗਰਮੀ ਪੈਣ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਕੀਤਾ ਗਿਆ ਸੀ। ਸਰਵੇਖਣ ਕੀਤੇ ਗਏ 721 ਸਟ੍ਰੀਟ ਵਿਕਰੇਤਾਵਾਂ ਵਿੱਚੋਂ 49.27 ਫ਼ੀਸਦ ਨੇ ਗਰਮੀ ਦੌਰਾਨ ਆਮਦਨੀ ਦੇ ਨੁਕਸਾਨ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਗਾਹਕਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਕਈ ਵਿਕਰੇਤਾਵਾਂ ਨੇ ਕਿਹਾ ਕਿ ਗਰਮੀ ਕਾਰਨ ਗਾਹਕ ਨਾ ਆਉਣ ਕਾਰਨ ਜਿੱਥੇ ਆਮਦਨ ਘਟੀ ਹੈ, ਉਥੇ ਸਿਰਦਰਦ ਅਤੇ ਚਿੜਚਿੜਾਪਣ ਦੀ ਸ਼ਿਕਾਇਤ ਆ ਰਹੀ ਹੈ। ਕਈਆਂ ਨੇ ਐਮਰਜੈਂਸੀ ਦੌਰਾਨ ਡਾਕਟਰੀ ਸਹਾਇਤਾ ਵੀ ਲਈ ਹੈ। ਲਾਜਪਤ ਨਗਰ, ਕਨਾਟ ਪਲੇਸ ਅਤੇ ਖਾਨ ਮਾਰਕੀਟ ਸਣੇ ਦਿੱਲੀ ਦੇ 15 ਬਾਜ਼ਾਰਾਂ ਦੇ ਸਟ੍ਰੀਟ ਵਿਕਰੇਤਾਵਾਂ ਇਸ ਸਰਵੇਖਣ ਦੌਰਾਨ ਗੱਲਬਾਤ ਕੀਤੀ ਗਈ।