ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਵੱਲੋਂ ਪਾਲਮ ਸਟੇਸ਼ਨ ’ਤੇ ਪਾਰਕਿੰਗ ਸ਼ੁਰੂ ਕੀਤੀ ਗਈ ਹੈ। ਇਸ ਪਾਰਕਿੰਗ ਵਿੱਚ 40 ਕਾਰਾਂ ਤੇ 450 ਦੋ ਪਹੀਆ ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ। ਅੱਜ ਅਧਿਕਾਰੀਆਂ ਨੇ ਇਸ ਪਾਰਕਿੰਗ ਵਾਲੀ ਥਾਂ ਦਾ ਉਦਘਾਟਨ ਕੀਤਾ। ਬਾਹਰੀ ਦਿੱਲੀ ਦੇ ਇਸ ਮੈਟਰੋ ਸਟੇਸ਼ਨ ਤੋਂ ਲੋਕ ਆਪਣੀਆਂ ਨਿੱਜੀ ਗੱਡੀਆਂ ਰਾਹੀਂ ਆ ਕੇ ਦਿੱਲੀ ਦੇ ਦੂਜੇ ਕੋਨਿਆਂ ਵਿੱਚ ਜਾਂਦੇ ਹਨ ਤੇ ਉਹ ਜ਼ਿਆਦਾਤਰ ਦੋ ਪਹੀਆ ਵਾਹਨਾਂ ਦੀ ਵਰਤੋਂ ਸਟੇਸ਼ਨ ਤੱਕ ਆਉਣ ਲਈ ਕਰਦੇ ਹਨ। ਇਸੇ ਕਰ ਕੇ ਪਾਰਕਿੰਗ ਵਾਲੇ ਸਥਾਨ ਉਪਰ ਜ਼ਿਆਦਾ ਦੋ ਪਹੀਆ ਖੜ੍ਹੇ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਥੇ ਹੀ ਦਿੱਲੀ ਮੈਟਰੋ ਵੱਲੋਂ ਮੁਰੰਮਤ ਕਾਰਜਾਂ ਕਰ ਕੇ ਅੱਜ ਰਾਜੀਵ ਚੌਕ ਦੇ ਗੇਟ ਨੰਬਰ-8 ਨੂੰ ਸਾਰਾ ਦਿਨ ਬੰਦ ਰੱਖਿਆ ਗਿਆ। ਅਧਿਕਾਰੀਆਂ ਮੁਤਾਬਕ ਕੁਝ ਮੁਰੰਮਤ ਕਰਨ ਲਈ ਇਹ ਗੇਟ ਬੰਦ ਰੱਖਿਆ ਗਿਆ। ਇਸੇ ਕਰ ਕੇ ਇਸ ਗੇਟ ਰਾਹੀਂ ਸਟੇਸ਼ਨ ਅੰਦਰ ਦਾਖ਼ਲਾ ਤੇ ਨਿਕਾਸੀ ਬੰਦ ਸੀ। ਹੜ੍ਹਾਂ ਦੇ ਕਾਰਨ ਡੀਐੱਮਆਰਸੀ ਨੇ ਪਿਛਲੇ ਹਫ਼ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ ’ਤੇ ਪ੍ਰਵੇਸ਼ ਅਤੇ ਨਿਕਾਸ ਬੰਦ ਕਰ ਦਿੱਤਾ ਸੀ, ਹਾਲਾਂਕਿ ਯਮੁਨਾ ਦੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦਰਜ ਕੀਤੇ ਜਾਣ ਤੋਂ ਬਾਅਦ ਇਸ ਨੂੰ ਬਾਅਦ ਵਿੱਚ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਸੀ। 13 ਜੁਲਾਈ ਨੂੰ ਦਿੱਲੀ ਮੈਟਰੋ ਅਧਿਕਾਰੀਆਂ ਨੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਵਿੱਚ ਪਾਣੀ ਭਰਨ ਕਾਰਨ ਪਹੁੰਚ ਤੋਂ ਬਾਹਰ ਹੋਣ ਤੋਂ ਬਾਅਦ ਇਸ ਵਿੱਚ ਦਾਖਲਾ ਬੰਦ ਕਰ ਦਿੱਤਾ ਸੀ।