ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਦੋਸ਼ਾਂ ਬਾਰੇ ਸਪਸ਼ਟੀਕਰਨ ਦਿੰਦਿਆਂ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦੋ ਜੂਨ ਨੂੰ ਦਿੱਲੀ ਹਾਈ ਕੋਰਟ ਵਿੱਚ ਦਿੱਲੀ ਕਮੇਟੀ ਦੇ ਸਾਰੇ ਮੁਖੀਆਂ ਦੇ 2006 ਤੋਂ ਬਾਅਦ ਦੇ ਕਾਰਜਕਾਲ ਦੌਰਾਨ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਤੇ ਅਦਾਇਗੀਆਂ ਦਾ ਚਾਰਟ ਪੇਸ਼ ਕੀਤਾ ਗਿਆ ਸੀ। ਇਸ ਚਾਰਟ ਮੁਤਾਬਕ, ਮਨਜੀਤ ਸਿੰਘ ਜੀਕੇ ਦੇ ਦੇ ਕਾਰਜਕਾਲ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ 21 ਕਰੋੜ ਰੁਪਏ ਵਧ ਗਿਆ ਸੀ। ਜੀਕੇ ਨੇ ਦਾਅਵਾ ਕੀਤਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੇ 75 ਕਰੋੜ ਰੁਪਏ ਦਾ ਬਕਾਏ ਦੇਣ ਤੋਂ ਇਲਾਵਾ ਮਈ 2014 ਤੋਂ ਸਕੂਲ ਸਟਾਫ਼ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੀ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਸੀ। 59 ਮਹੀਨਿਆਂ ਵਿੱਚ ਸਕੂਲ ਸਟਾਫ ਨੂੰ 88.5 ਕਰੋੜ ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ। 2013 ਵਿੱਚ ਕਮੇਟੀ ਸਟਾਫ਼ ਦੀ ਤਨਖ਼ਾਹ ਲਗਪਗ ਦੁੱਗਣੀ ਕਰ ਦਿੱਤੀ ਸੀ, ਜਿਸ ਕਾਰਨ ਕਮੇਟੀ ਸਟਾਫ਼ ਦੀ ਮਾਸਿਕ ਤਨਖ਼ਾਹ 1.25 ਕਰੋੜ ਰੁਪਏ ਤੋਂ 2.75 ਕਰੋੜ ਰੁਪਏ ਹੋ ਗਈ ਸੀ ਤੇ ਇਸ ਕਰਕੇ 96.5 ਕਰੋੜ ਰੁਪਏ ਦੀ ਵਾਧੂ ਅਦਾਇਗੀ ਹੋਈ ਸੀ। ਉਨ੍ਹਾਂ ਕਿਹਾ, ‘‘ਕਮੇਟੀ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪ੍ਰਬੰਧਕ ਕਮੇਟੀ ਦਾ ਪੰਜ ਫੀਸਦੀ ਹਿੱਸਾ ਜੋ ਮੇਰੇ ਸਮੇਂ ਹਰ ਮਹੀਨੇ ਜਾਂਦਾ ਸੀ, ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ।’’