ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਦਿੱਲੀ-ਬਹਾਦਰਗੜ੍ਹ ਮਾਰਗ ’ਤੇ ਟਿਕਰੀ ਧਰਨੇ ਵਿੱਚ ਸ਼ਾਮਲ ਹਜ਼ਾਰਾਂ ਕਿਸਾਨਾਂ ਨੇ ਹੁਣ ਗੁਆਂਢੀ ਪਿੰਡਾਂ ਵਾਲਿਆਂ ਦੇ ਨਾਲ-ਨਾਲ ਡੇਰੇ ਲਾ ਲਏ ਹਨ। ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ ਤੋਂ ਕਈ ਪਿੰਡਾਂ ਦੇ ਕਿਸਾਨਾਂ ਨੇ ਟਿਕਰੀ ਵਿੱਚ 27 ਨਵੰਬਰ ਤੋਂ ਹੀ ਪੱਕੇ ਡੇਰੇ ਲਾਏ ਹੋਏ ਹਨ। ਜਗਰਾਉਂ ਤਹਿਸੀਲ ਦੇ ਵੱਡੇ ਪਿੰਡ ਲੀਲ੍ਹਾਂ ਮੇਘ ਸਿੰਘ, ਜੰਡੀ, ਰਸੂਲਪੁਰ, ਜਨੇਤਪੁਰਾ, ਮਣਸੀਹਾਂ ਭਾਈਕੇ ਦੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਇੱਕੋ ਥਾਂ ਮੈਟਰੋ ਖੰਭਾ 791 ਕੋਲ ਖੜ੍ਹੀਆਂ ਕੀਤੀਆਂ ਹੋਈਆਂ ਹਨ। ਗਰਾਈਂ ਹੋਣ ਕਾਰਨ ਧਰਨੇ ਵਿੱਚ ਸ਼ਾਮਲ ਕਿਸਾਨ ਇੱਕਠੇ ਹੀ ਸਵੇਰ ਦੀ ਚਾਹ, ਦੁਪਹਿਰ ਵੇਲਾ ਤੇ ਰਾਤ ਦੀ ਰੋਟੀ ਤਿਆਰ ਕਰਦੇ ਹਨ। ਰਸੂਲਪੁਰ ਦੇ ਕਿਸਾਨ ਰਾਜਿੰਦਰ ਸਿੰਘ ਦਿਆਲ ਤੇ ਤਪਿੰਦਰਜੀਤ ਸਿੰਘ ਛੀਨਾ ਨੇ ਦੱਸਿਆ ਕਿ ਗਰਾਈਂ ਹੋਣ ਕਰਕੇ ਉਹ ਇੱਕਠੇ ਹੀ ਟਰਾਲੀਆਂ ਲੈ ਕੇ ਦਿੱਲੀ ਕੂਚ ਲਈ ਨਿਕਲੇ ਸਨ। ਹੁਣ ਉਨ੍ਹਾਂ ਦੀਆਂ ਟਰਾਲੀਆਂ ਵੀ ਇੱਕੋ ਥਾਂ ਹੀ ਖੜ੍ਹੀਆਂ ਕੀਤੀਆਂ ਹੋਈਆਂ ਹਨ।
ਰਾਜਿੰਦਰ ਸਿੰਘ ਮੁਤਾਬਕ ਹਰਿਆਣਾ ਵਾਲੇ ਉਨ੍ਹਾਂ ਨੂੰ ਰੋਜ਼ਾਨਾ ਦੁੱਧ ਲੱਸੀ ਦੇ ਜਾਂਦੇ ਹਨ। ਅਸਲ ਕੀਮਤ ਤੋਂ ਵੱਧ ਕੀਮਤ ‘ਤੇ ਖਰੀਦ ਕੇ ਇੱਥੇ ਕਿਸਾਨ ਪੰਜਾਬੀ ਅਖ਼ਬਾਰ ਪੜ੍ਹਦੇ ਹਨ। ਕਿਸਾਨਾਂ ਨੇ ਦੱਸਿਆ ਕਿ 10-15 ਦਿਨਾਂ ਬਾਅਦ ਦੂਜਾ ਜਥਾ ਪਿੰਡਾਂ ਤੋਂ ਆ ਜਾਂਦਾ ਹੈ ਤਾਂ ਪਹਿਲਾਂ ਤੋਂ ਟਿਕਰੀ ਧਰਨੇ ਵਿੱਚ ਸ਼ਾਮਲ ਲੋਕ ਘਰਾਂ ਨੂੰ ਪਰਤ ਜਾਂਦੇ ਹਨ। ਹੁਣ ਤੱਕ ਤਿੰਨ ਜੱਥੇ ਆ ਜਾ ਚੁੱਕੇ ਹਨ ਤੇ ਇਸ ਤਰ੍ਹਾਂ ਆਉਣਾ ਜਾਣਾ ਜਾਰੀ ਰਹਿੰਦਾ ਹੈ। ਜੰਡੀ ਦੇ ਕਿਸਾਨ ਜਸਵੀਰ ਸਿੰਘ ਚੀਨਾ ਨੇ ਕਿਹਾ ਕਿ ਹੁਣ ਪਿੰਡਾਂ ਵਿੱਚ ਕਿਸਾਨਾਂ ਵੱਲੋਂ 26 ਜਨਵਰੀ ਦੀ ‘ਟਰੈਕਟਰ ਪਰੇਡ ਮਾਰਚ’ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਵੱਲੋਂ ਮੋਰਚੇ ਲਈ ਮਦਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ਭਗਤ ਵਿਰਾਸਤ ਦੇ ਆਧਾਰ ’ਤੇ ਉਸਰੀ ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਕੰਮ ਕਰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਵੱਲੋਂ 26 ਨਵੰਬਰ ਤੋਂ ਅੱਜ ਤੱਕ ਮੁੱਖ ਸਟੇਜ ਕੁੰਡਲੀ-(ਸਿੰਘੂ) ਬਾਰਡਰ ਨੇੜੇ ਤੜਕੇ 4 ਤੋਂ ਸ਼ਾਮ 6 ਵਜੇ ਤੱਕ ਚਾਹ ਅਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਦਾ ਲੰਗਰ ਨਿਰੰਤਰ ਜਾਰੀ ਹੈ। ਕਮੇਟੀ ਆਗੂਆਂ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ ਤੇ ਸੁਖਦੇਵ ਸਿੰਘ ਕਿਲਾ ਰਾਏਪੁਰ ਨੇ ਦੱਸਿਆ ਕਿ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਸਹਿਯੋਗੀ ਬਲਜੀਤ ਕੌਰ ਲਲਤੋਂ ਖੁਰਦ (ਸਰੀ) ਕੈਨੇਡਾ ਵੱਲੋਂ ਦਿੱਲੀ ਕਿਸਾਨ ਮੋਰਚੇ ਲਈ ਲੋਈਆਂ, ਛਤਰੀਆਂ ਤੇ ਪਾਣੀ ਗਰਮ ਰੱਖਣ ਵਾਲੀਆਂ ਬੋਤਲਾਂ, ਜਗਵਿੰਦਰ ਸਿੰਘ ਵਿੱਕੀ ਲਲਤੋਂ ਖੁਰਦ (ਕੈਨੇਡਾ) ਵੱਲੋਂ ਲੰਗਰਾਂ ਲਈ ਰਾਸ਼ਨ ਸਮੱਗਰੀ, ਝਾਂਡੇ ਪਿੰਡ ਦੇ ਕਿਸਾਨ ਭਰਾਵਾਂ ਵੱਲੋਂ ਰੁਪਏ ਲੰਗਰਾਂ ਲਈ ਭੇਟ ਕੀਤੇ ਗਏ ਹਨ।