ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅੱਜ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਆਪਣੇ ਵਾਰਡ ਦੇ ਲੁਬਾਣਾ ਬਿਰਾਦਰੀ ਦੇ ਲੋਕ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਦਾ ਸਵਾਗਤ ਕੀਤਾ ਗਿਆ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰੂ ਦਾ ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਲਿਆਂ ਨੂੰ ਕਦੀ ਵੀ ਨਹੀਂ ਬਖ਼ਸ਼ ਸਕਦੇ। ਦਿੱਲੀ ਦੀ ਸੰਗਤ ਮਨਜੀਤ ਸਿਘ ਜੀਕੇ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੀ ਹੈ ਹੁਣ ਉਹ ਭਾਵੇਂ ਕਿੰਨੀਆਂ ਹੀ ਪਾਰਟੀਆਂ ਕਿਉਂ ਨਾ ਬਣਾ ਲਵੇ ਸੰਗਤ ਉਸ ਤੋਂ ਗੁਰੂ ਦੀ ਗੋਲਕ ਦੇ ਇੱਕ-ਇੱਕ ਪੈਸੇ ਦਾ ਹਿਸਾਬ ਜ਼ਰੂਰ ਲਵੇਗੀ। ਸਿਰਸਾ ਨੇ ਦੱਸਿਆ ਕਿ ਜੀਕੇ ਦੇ ਆਪਣੇ ਵਾਰਡ ਤੋਂ ਲੁਬਾਣਾ ਬਿਰਾਦਰੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਜਿਸ ਵਿਚ ਐਂਡ੍ਰਯੂਸ ਗੰਜ ਗੁਰਦੁਆਰੇ ਦੇ ਪ੍ਰਧਾਨ ਮੋਤੀ ਸਿੰਘ ਸਮੇਤ ਗੁਰਦੁਆਰੇ ਦੀ ਸਮੁੱਚੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ। ਮੋਤੀ ਸਿੰਘ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਉਨ੍ਹਾਂ ਨੂੰ ਦਿੱਲੀ ਸਟੇਟ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਤੇ ਉਨ੍ਹਾਂ ਦੇ ਨਾਲ ਹੀ ਨਾਨਕ ਸਿੰਘ ਨੂੰ ਵਾਰਡ ਵਿਚ ਜਨਰਲ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਬਹੁਤ ਜਲਦੀ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਵਿਚ ਲੁਬਾਣਾ ਬਰਾਦਰੀ ਦੇ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।