ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਦਾ ਦਿਨ ਨਾ ਸਿਰਫ਼ ਭਾਜਪਾ ਲਈ ਸਗੋਂ ਸਾਰੇ ਦੇਸ਼ ਵਰਕਰਾਂ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਚਾਰ ਰਾਜਾਂ ਵਿੱਚ ਭਾਜਪਾ ਦੀ ਕਾਰਜਸ਼ੈਲੀ ਅਤੇ ਵਿਕਾਸ ਨੂੰ ਚੁਣਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਹੈ, ਉਸ ਨੂੰ ਪਾਰਟੀ ਬਰਕਰਾਰ ਰੱਖੇਗੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਵਿਕਾਸ ਅਤੇ ਮਜ਼ਬੂਤ ਸਰਕਾਰ ਦੀ ਜਿੱਤ ਹੋਈ ਹੈ ਅਤੇ ਲੋਕਾਂ ਨੇ ਇਸ ਵਾਰ ਪਰਿਵਾਰਵਾਦ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਮਨੋਰੰਜਨ ਟੈਕਸ ਤੋਂ ਮੁਕਤ ਕਰਨ ਦੀ ਅਪੀਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ‘ਚ ਰਿਲੀਜ਼ ਹੋਣ ਵਾਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਦਿੱਲੀ ’ਚ ਮਨੋਰੰਜਨ ਟੈਕਸ ਤੋਂ ਛੋਟ ਦਿੱਤੀ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਅਤਿਵਾਦ ਅਤੇ ਅਤਿਵਾਦੀਆਂ ਵੱਲੋਂ ਸਤਾਏ ਗਏ ਕਸ਼ਮੀਰੀ ਪੰਡਤਾਂ ਦੇ ਜੀਵਨ ’ਤੇ ਅਧਾਰਤ ਹੈ ਅਤੇ ਇਹ ਦਰਸਾਇਆ ਗਿਆ ਹੈ ਕਿ ਉਨ੍ਹਾਂ ਨੂੰ ਕਿਨ੍ਹਾਂ ਹਾਲਤਾਂ ਵਿੱਚ ਆਪਣੀ ਜਨਮ ਭੂਮੀ ਨੂੰ ਛੱਡਣਾ ਪਿਆ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਅਤਿਵਾਦ ਦੇ ਕਾਲੇ ਅਧਿਆਏ ਨੂੰ ਉਜਾਗਰ ਕਰਨ ਵਾਲੀ ਇਸ ਫ਼ਿਲਮ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਇਸ ਲਈ ਦਿੱਲੀ ਸਰਕਾਰ ਨੂੰ ਇਸ ਫ਼ਿਲਮ ਨੂੰ ਦਿੱਲੀ ਵਿੱਚ 100 ਫੀਸਦੀ ਮਨੋਰੰਜਨ ਟੈਕਸ ਤੋਂ ਮੁਕਤ ਕਰਨਾ ਚਾਹੀਦਾ ਹੈ।
‘ਲੋਕਾਂ ਨੇ ਭਾਜਪਾ ਦੀਆਂ ਵਿਕਾਸ ਨੀਤੀਆਂ ’ਤੇ ਲਾਈ ਮੋਹਰ’
ਸ਼ਾਹਬਾਦ ਮਾਰਕੰਡਾ: ਮੁੱਖ ਮੰਤਰੀ ਮਨੋਹਰ ਲਾਲ ਦੇ ਮੀਡੀਆ ਕੋਆਰਡੀਨੇਟਰ ਜਗਮੋਹਨ ਆਨੰਦ ਨੇ ਚਾਰ ਸੂਬਿਆਂ ਵਿੱਚ ਹੋਈ ਭਾਜਪਾ ਦੀ ਜਿੱਤ ਨੂੰ ਵਿਕਾਸ ਦੀ ਜਿੱਤ ਦੱਸਿਆ ਹੈ। ਉਨ੍ਹਾਂ ਇਸ ਇਤਿਹਾਸਕ ਜਿੱਤ ਦਾ ਸਿਹਰਾ ਪਾਰਟੀ ਕਾਰਕੁਨਾਂ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਜਪਾ ਦੀਆਂ ਵਿਕਾਸ ਨੀਤੀਆਂ ’ਤੇ ਮੋਹਰ ਲਾਈ ਹੈ ਤੇ ਫਿਰ ਇੱਕ ਵਾਰ ਭਾਜਪਾ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਗੋਆ, ਮਨੀਪੁਰ ਤੇ ਉੱਤਰਾਖੰਡ ਵਿੱਚ ਭਾਜਪਾ ਨੇ ਜਿੱਤ ਦਾ ਪਰਚਮ ਲਹਿਰਾ ਕੇ ਵਿਰੋਧੀ ਪਾਰਟੀਆਂ ਨੂੰ ਕਰਾਰਾ ਜੁਆਬ ਦਿੱਤਾ ਹੈ। ਅੱਜ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਵਿੱਚ ਚਾਰੇ ਪਾਸੇ ਚਹੁੰਮੁੱਖੀ ਵਿਕਾਸ ਕਾਰਜ ਹੋ ਰਹੇ ਹਨ। – ਪੱਤਰ ਪ੍ਰੇਰਕ
ਭਾਜਪਾ ਕਾਰਕੁਨਾਂ ਨੇ ਜੇਤੂ ਮਾਰਚ ਕੱਢਿਆ
ਟੋਹਾਣਾ: ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਚਾਰ ਸੂੁਬਿਆਂ ਵਿੱਚ ਭਾਜਪਾ ਨੂੰ ਸਫ਼ਲਤਾ ਮਿਲਣ ’ਤੇ ਇੱਥੋਂ ਦੇ ਭਾਜਪਾ ਕਾਰਕੁਨਾਂ ਨੇ ਲੱਡੂ ਵੰਡਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਪਾਰਟੀ ਦੇ ਬੈਨਰ ਹੇਠ ਜੇਤੂ ਮਾਰਚ ਕੱਢਿਆ। ਇਸ ਮੌਕੇ ਮੁੱਖ ਨੇਤਾਵਾਂ ਵਿੱਚ ਰਿੰਕੂ ਮਾਨ, ਨਰਿੰਦਰ ਗਰਗ, ਕ੍ਰਿਸ਼ਨ ਨੈਨ, ਦਿਨੇਸ਼ ਸੈਨੀ, ਗਣੇਸ਼ ਸੈਨੀ, ਸਤਪਾਲ ਗਰਗ, ਲਲਿਤ ਮੋਹਨ, ਬਲਦੇਵ ਸੈਨੀ, ਰਮਨ ਮੜਿਆ, ਭੋਲਾ ਕੌਸ਼ਲਰ, ਸੰਜੈ ਰੇਵੜੀ ਕੌਂਸਲਰ ਤੇ ਸੈਂਕੜੇ ਕਾਰਕੁਨਾਂ ਨੇ ਖੁਸ਼ੀ ਪ੍ਰਗਟਾਈ। -ਪੱਤਰ ਪ੍ਰੇਰਕ