ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਸਤੰਬਰ
ਦਿੱਲੀ-ਐੱਨਸੀਆਰ ਵਿੱਚ ਅੱਜ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਸਮੇਤ ਦਿੱਲੀ ‘ਚ ਕਈ ਥਾਵਾਂ ‘ਤੇ ਭਾਰੀ ਟਰੈਫਿਕ ਜਾਮ ਰਿਹਾ। ਇਸ ਦੇ ਨਾਲ ਹੀ ਦਿੱਲੀ ਗੁਰੂਗ੍ਰਾਮ ਐਕਸਪ੍ਰੈਸ ਵੇਅ ਪਾਣੀ ਨਾਲ ਭਰ ਗਿਆ। ਸਰਵਿਸ ਲੇਨ ‘ਤੇ ਗੋਡੇ-ਗੋਡੇ ਪਾਣੀ ਸੀ। ਲੋਕਾਂ ਨੂੰ ਪੈਦਲ ਚੱਲਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਅਗਲੇ ਦੋ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ‘ਯੈਲੋ ਅਲਰਟ’ ਜਾਰੀ ਕਰਨ ਤੋਂ ਇਲਾਵਾ ਨਾਗਰਿਕਾਂ ਨੂੰ ਅਗਲੇ ਦੋ-ਤਿੰਨ ਦਿਨਾਂ ਤੱਕ ਸੁਚੇਤ ਰਹਿਣ ਲਈ ਆਖਿਆ ਹੈ। ਅੱਜ ਮੀਂਹ ਨਾਲ ਦਿੱਲੀ-ਐਨਸੀਆਰ ਵਿੱਚ ਕਈ ਥਾਵਾਂ ‘ਤੇ ਪਾਣੀ ਭਰ ਗਿਆ ਤੇ ਦਰੱਖਤ ਉੱਖੜ ਗਏ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਪੈਦਲ ਯਾਤਰੀਆਂ ਨੂੰ ਪਾਣੀ ਭਰੀਆਂ ਗਲੀਆਂ ਅਤੇ ਮੁੱਖ ਸੜਕਾਂ ਤੋਂ ਲੰਘਣ ਲਈ ਮਜਬੂਰ ਹੋਣਾ ਪਿਆ। ਆਈਐੱਮਡੀ ਦੇ ਵਿਗਿਆਨੀ ਆਰ ਕੇ ਜੇਨਾਮਾਨੀ ਨੇ ਕਿਹਾ ਕਿ ਉੱਤਰਾਖੰਡ ਲਈ 23 ਤੋਂ 25 ਸਤੰਬਰ ਤੱਕ ਬਹੁਤ ਭਾਰੀ ਬਾਰਿਸ਼ ਲਈ ‘ਆਰੇਂਜ’ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਪੱਛਮੀ ਯੂਪੀ ਵਿੱਚ ਮੀਂਹ ਦੇ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ ਆਉਣ ਵਾਲੇ ਕੁਝ ਦਿਨਾਂ ‘ਚ ਮੌਸਮ ਅਜਿਹਾ ਹੀ ਰਹੇਗਾ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 22 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਦੇ ਆਸ-ਪਾਸ ਸੀ। ਆਈਐੱਮਡੀ ਨੇ ਦੱਸਿਆ ਕਿ ਵੀਰਵਾਰ ਨੂੰ ਮੈਦਾਨੀ ਇਲਾਕਿਆਂ ਵਿੱਚ ਰਿਜਨ (ਦਿੱਲੀ) ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਦਿੱਲੀ ਪੁਲੀਸ ਨੇ ਮੁਸਾਫਰਾਂ ਨੂੰ ਮੋਤੀ ਬਾਗ ਜੰਕਸ਼ਨ ਤੋਂ ਧੌਲਾ ਕੁਆਂ ਦੇ ਵਿਚਕਾਰ ਮਹਾਤਮਾ ਗਾਂਧੀ ਮਾਰਗ ਤੋਂ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ। ਟ੍ਰੈਫਿਕ ਵਿਭਾਗ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਮਹੀਪਾਲਪੁਰ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਮਹਿਰੌਲੀ ਵੱਲ ਜਾਣ ਵਾਲੀ ਆਵਾਜਾਈ ਵੀ ਮੀਂਹ ਕਾਰਨ ਪ੍ਰਭਾਵਿਤ ਰਹੇਗੀ।
ਦੱਸਣਯੋਗ ਹੈ ਕਿ ਮੀਂਹ ਕਾਰਨ ਗੁਰੂਗ੍ਰਾਮ ਦੇ ਹੀਰੋ ਹੌਂਡਾ ਚੌਕ ਤੋਂ ਦਿੱਲੀ ਤੋਂ ਜੈਪੁਰ ਜਾਣ ਵਾਲੀ ਲੇਨ ‘ਤੇ ਵੀ ਜਾਮ ਦਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਇਫਕੋ ਚੌਕ, ਪੁਰਾਣੀ ਦਿੱਲੀ ਰੋਡ, ਸੋਹਣਾ ਰੋਡ, ਸਰਹੌਲ ਬਾਰਡਰ, ਦੌਲਾ ਟੋਲ ਪਲਾਜ਼ਾ, ਬਸਾਈ ਰੋਡ, ਬਖਤਾਵਰ ਚੌਕ, ਸੁਭਾਸ਼ ਚੌਕ, ਰਾਜੀਵ ਚੌਕ, ਮੇਫੀਲਡ ਗਾਰਡਨ ਰੋਡ, ਪਟੌਦੀ ਰੋਡ, ਹੀਰੋ ਹੌਂਡਾ ਚੌਕ ਤੇ ਉਮੰਗ ਭਾਰਦਵਾਜ ਚੌਕ ’ਤੇ ਜਾਮ ਰਿਹਾ। ਪੁਰਾਣੇ ਅਤੇ ਨਵੇਂ ਗੁਰੂਗ੍ਰਾਮ ਸੈਕਟਰਾਂ ਅਤੇ ਕਲੋਨੀਆਂ ਵਿੱਚ ਵੀ ਘਰਾਂ ਦੇ ਅੱਗੇ ਪਾਣੀ ਭਰਨ ਦਾ ਵੀ ਸਮਾਚਾਰ ਹੈ। ਦਿੱਲੀ ਤੇ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਮੀਂਹ ਤੇ ਗਰਜ ਨਾਲ ਮੀਂਹ ਪੈ ਰਿਹਾ ਹੈ। ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ: ਭਾਜਪਾ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਸੂਬੇ ਦੀ ਸਥਿਤੀ ਇੰਨੀ ਵਿਗੜ ਗਈ ਹੈ ਕਿ ਥੋੜ੍ਹੇ ਸਮੇਂ ਦੇ ਮੀਂਹ ਕਾਰਨ ਦਿੱਲੀ ਦੇ ਲੋਕ ਸੜਕਾਂ ‘ਤੇ ਪਾਣੀ ਭਰਨ ਕਰਕੇ ਘੰਟਿਆਂਬੱਧੀ ਟ੍ਰੈਫਿਕ ‘ਚ ਫਸੇ ਰਹਿੰਦੇ ਹਨ ਕਿਉਂਕਿ ਕੇਜਰੀਵਾਲ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਸਰਕਾਰ ਸਿਰਫ਼ ਕਾਗਜ਼ਾਂ ’ਤੇ ਹੀ ਕੰਮ ਵਿਖਾਉਣ ਵਿੱਚ ਮੁਹਾਰਤ ਰੱਖਦੀ ਹੈ। ਜਦੋਂਕਿ ਅਸਲੀਅਤ ਹਮੇਸ਼ਾ ਸਮੱਸਿਆ ਆਉਣ ’ਤੇ ਹੀ ਸਾਹਮਣੇ ਆ ਜਾਂਦੀ ਹੈ। ਸ੍ਰੀ ਗੁਪਤਾ ਨੇ ਕੇਜਰੀਵਾਲ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਦੱਸਦਿਆਂ ਦੋਸ਼ ਲਾਇਆ ਕਿ ਜਦੋਂ ਵੀ ਦਿੱਲੀ ਵਿੱਚ ਮੀਂਹ ਪੈਂਦਾ ਹੈ ਤਾਂ ਨਾਲਿਆਂ ਦੀ ਸਫ਼ਾਈ ਦੇ ਕੇਜਰੀਵਾਲ ਦੇ ਦਾਅਵੇ ਦੀ ਪੋਲ ਖੁੱਲ੍ਹ ਜਾਂਦੀ ਹੈ। ਅਜਿਹਾ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਬਰਸਾਤ ਤੋਂ ਬਾਅਦ ਕਈ ਇਲਾਕਿਆਂ ਵਿੱਚ ਕਈ ਰੂਟਾਂ ਦੇ ਅਹਿਮ ਚੌਰਾਹਿਆਂ ’ਤੇ ਲੋਕ ਘੰਟਿਆਂਬੱਧੀ ਟਰੈਫਿਕ ਜਾਮ ਵਿੱਚ ਫਸੇ ਰਹੇ। ਸੜਕਾਂ ‘ਤੇ ਪਾਣੀ ਭਰਨ ਕਾਰਨ ਕਾਰਾਂ ਰੇਂਗਦੀਆਂ ਨਜ਼ਰ ਆ ਰਹੀਆਂ ਹਨ।
ਟਰੈਫਿਕ ਪੁਲੀਸ ਵੱਲੋਂ ਲੋਕਾਂ ਦੀ ਸਹੂਲਤ ਲਈ ਰੂਟ ਪਲਾਨ ਜਾਰੀ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਲਗਾਤਾਰ ਮੀਂਹ ਪੈਣ ਨਾਲ ਕਈ ਇਲਾਕਿਆਂ ਵਿੱਚ ਜਲ-ਥਲ ਹੋਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਇਸ ਸਬੰਧੀ ਦਿੱਲੀ ਪੁਲੀਸ ਨੇ ਲੋਕਾਂ ਨੂੰ ਆਪਣੀ ਯਾਤਰਾ ਨੂੰ ਧਿਆਨ ਵਿੱਚ ਰੱਖਕੇ ਅਲਰਟ ਕੀਤਾ ਕਿ ਆਪਣੀ ਯਾਤਰਾ ਦੀ ਪਹਿਲਾਂ ਯੋਜਨਾ ਬਣਾਈ ਜਾਵੇ। ਪੁਲੀਸ ਨੇ ਟਵੀਟ ਕੀਤਾ, ‘‘ਸ਼ਾਂਤਵਨ ਦੇ ਹਨੂਮਾਨ ਸੇਤੂ ਤੋਂ ਹਨੂਮਾਨ ਮੰਦਰ ਕੈਰਿਜਵੇ ਤੱਕ, ਸੀਡੀਆਰ ਚੌਕ, ਮਹਿਰੌਲੀ ਤੋਂ ਗੁਰੂਗ੍ਰਾਮ ਤੱਕ, ਅੰਧੇਰੀਆ ਮੋੜ ਤੋਂ ਵਸੰਤ ਕੁੰਜ ਵੱਲ, ਨਿਜ਼ਾਮੂਦੀਨ ਪੁਲ ਕੇ ਹੇਠਾਂ, ਸਿੰਧੂ ਬਾਰਡਰ ’ਤੇ ਪੈਟਰੋਲ ਪੰਪ ਨੇੜੇ, ਐਮ ਬੀ ਰੋਡ ਤੋਂ ਸੈਨਿਕ ਫਾਰਮ ਕੈਰਿਜਵੇ ਤੱਕ ਜਲ-ਥਲ ਹੈ।’’ ਪੁਲੀਸ ਨੇ ਲੋਕਾਂ ਨੂੰ ਇਨ੍ਹਾਂ ਮਾਰਗਾਂ ’ਤੇ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਕੁਝ ਲੋਕਾਂ ਨੇ ਆਵਾਜਾਈ ਦੀ ਸਥਿਤੀ ਸਾਂਝੀ ਕੀਤੀ ਹੈ। ਇਕ ਨੇ ਪੁਲੀਸ ਨੂੰ ਬਟਲਾ ਹਾਊਸ ਤੋਂ ਔਖਲਾ ਤੱਕ ਆਵਾਜਾਈ ਨੂੰ ਕਾਬੂ ਕਰਨ ਦੀ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਰਾਜਧਾਨੀ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। -ਪੀਟੀਆਈ
ਮੀਂਹ ਕਾਰਨ ਦਫ਼ਤਰ ਨਹੀਂ ਪਹੁੰਚ ਸਕੇ ਮੁਲਾਜ਼ਮ
ਅੱਜ ਸਵੇਰੇ 8 ਵਜੇ ਤੋਂ 12 ਵਜੇ ਦੇ ਵਿਚਕਾਰ ਦਿੱਲੀ-ਜੈਪੁਰ ਹਾਈਵੇਅ ‘ਤੇ ਵਾਹਨਾਂ ਦੀ ਰਫਤਾਰ ‘ਤੇ ਬਰੇਕਾਂ ਲੱਗਣ ਕਾਰਨ ਨਰਸਿੰਘਪੁਰ, ਬਹਿਰਾਮਪੁਰ ਸਮੇਤ ਆਸ-ਪਾਸ ਸਥਿਤ ਕੰਪਨੀਆਂ ਦੇ ਦਫ਼ਤਰਾਂ ਵਿੱਚ ਮੁਲਾਜ਼ਮ ਨਹੀਂ ਪਹੁੰਚ ਸਕੇ। ਜ਼ਿਲ੍ਹਾ ਪ੍ਰਸ਼ਾਸਨ ਦੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਕਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਦਫ਼ਤਰ ਨਹੀਂ ਬੁਲਾਇਆ ਤੇ ਉਨ੍ਹਾਂ ਤੋਂ ‘ਘਰ ਤੋਂ ਕੰਮ’ ਕਰਵਾ ਲਿਆ। ਸ਼ਹਿਰ ਦੇ ਜ਼ਿਆਦਾਤਰ ਸਕੂਲ ਵੀ ਬੰਦ ਰਹੇ ਤੇ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰਵਾਈ ਗਈ।
ਡਿਪਟੀ ਕਮਿਸ਼ਨਰ ਵੱਲੋਂ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਡਿਪਟੀ ਕਮਿਸ਼ਨਰ ਵਿਕਰਮ ਨੂੰ ਰਾਤ ਸਮੇਂ ਹਾਲਾਤ ਦਾ ਜਾਇਜ਼ਾ ਲੈਣ ਲਈ ਸੜਕਾਂ ਉਪਰ ਨਿਕਲਣਾ ਪਿਆ। ਲੋਕਾਂ ਵੱਲੋਂ ਲਗਾਤਾਰ ਸਮਾਰਟ ਸਿਟੀ ਵਿੱਚ ਪਾਣੀ ਦੀ ਨਿਕਾਸੀ ਸਬੰਧੀ ਖਾਮੀਆਂ ਨੂੰ ਲੈ ਕੇ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ, ਜਿਸ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਜਾਣਕਾਰੀ ਮੁਤਾਬਿਕ ਡਿਪਟੀ ਕਮਿਸ਼ਨਰ ਵਿਕਰਮ ਨੇ ਰਾਤ ਭਰ ਅਧਿਕਾਰੀਆਂ ਨਾਲ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਮੁੜ ਉਨ੍ਹਾਂ ਸਾਰੀਆਂ ਥਾਵਾਂ ਦਾ ਮੁਆਇਨਾ ਕੀਤਾ ਜਿੱਥੇ ਪਾਣੀ ਭਰਨ ਦੀ ਸਥਿਤੀ ਜ਼ਿਆਦਾ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕੌਮੀ ਮਾਰਗ ਤੇ ਸਰਵਿਸ ਲੇਨ ਨੂੰ ਜਲਦੀ ਤੋਂ ਜਲਦੀ ਸਾਫ਼ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਬਾਟਾ ਚੌਕ ਵਿੱਚ ਬਣੇ ਟੋਇਆਂ ਨੂੰ ਵੀ ਭਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਬੱਲਭਗੜ੍ਹ ਫਲਾਈਓਵਰ ਨੇੜੇ ਸਰਵਿਸ ਲੇਨ ਦਾ ਨਿਰੀਖਣ ਕੀਤਾ। ਉਨ੍ਹਾਂ ਹਦਾਇਤ ਕੀਤੀ ਕਿ ਇੱਥੇ ਮੋਟਰਾਂ ਦੀ ਗਿਣਤੀ ਵਧਾਈ ਜਾਵੇ। ਜੇ.ਸੀ.ਬੀ ਚੌਕ ਵਿਖੇ ਲੱਗੇ ਬੂਸਟਰ ਦਾ ਨਿਰੀਖਣ ਕੀਤਾ ਅਤੇ ਉਥੇ ਵਾਧੂ ਪੰਪਾਂ ਦਾ ਵੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਦੀ ਟੀਮ ਨਾਲ ਵਾਈਐਮਸੀਏ ਚੌਕ, ਪੁਰਾਣਾ ਫਰੀਦਾਬਾਦ, ਐਨਆਈਟੀ ਅਤੇ ਹੋਰ ਸਾਰੀਆਂ ਥਾਵਾਂ ’ਤੇ ਲਗਾਤਾਰ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ, ਓਲਡ ਫਰੀਦਾਬਾਦ ਅੰਡਰਪਾਸ ਅਤੇ ਐੱਨਐੱਚਪੀਸੀ ਅੰਡਰਪਾਸ ਨੂੰ ਤੁਰੰਤ ਵਾਹਨਾਂ ਦੀ ਆਵਾਜਾਈ ਲਈ ਬੰਦ ਕੀਤਾ ਜਾਵੇ ਅਤੇ ਨਗਰ ਨਿਗਮ ਇੱਥੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ । ਉਨ੍ਹਾਂ ਬਿਜਲੀ ਵਿਵਸਥਾ ਨੂੰ ਆਮ ਵਾਂਗ ਕਰਨ ਦੇ ਨਿਰਦੇਸ਼ ਵੀ ਦਿੱਤੇ। ਵੱਖ-ਵੱਖ ਥਾਵਾਂ ‘ਤੇ 25 ਪੰਪ ਵੀ ਲਗਾਏ ਗਏ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਹੋ ਸਕੇ|