ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਮਾਪਿਆਂ ਤੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਹਵਾਲਾ ਦਿੰਦਿਆਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਸਕੂਲਾਂ ਲਈ ਬੱਸ ਸੇਵਾਵਾਂ ਵਾਪਸ ਲੈਣ ਦੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਮਾਪਿਆਂ ਨੇ ਸਕੂਲਾਂ ਲਈ ਡੀਟੀਸੀ ਬੱਸ ਸੇਵਾਵਾਂ ਬੰਦ ਕਰਨ ਦੇ ਫ਼ੈਸਲੇ ਨਾਲ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਇੱਕ ਐਸੋਸੀਏਸ਼ਨ ਬਣਾਈ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਧਾਰਾ 21 ਦੇ ਸੰਦਰਭ ਵਿਚ ਸੁਪਰੀਮ ਕੋਰਟ ਨੇ ਸਾਫ਼ ਹਵਾ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਹੈ। ਪ੍ਰਦੂਸ਼ਣ ਵਧਣ ਦੇ ਡਰੋਂ ਇਨ੍ਹਾਂ ਸਕੂਲਾਂ ਵਿਚ ਬੱਸ ਸੇਵਾਵਾਂ ਵਾਪਸ ਲੈਣ ਦੇ ਆਪਣੇ ਫ਼ੈਸਲੇ ’ਤੇ ਤੁਰੰਤ ਮੁੜ ਵਿਚਾਰ ਕਰਨ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਹੈ।
ਐਡਵੋਕੇਟ ਰੌਬਿਨ ਰਾਜੂ, ਦੀਪਾ ਜੋਸੇਫ ਤੇ ਬਲੇਸਨ ਮੈਥਿਊਜ਼ ਵੱਲੋਂ ਦਾਇਰ ਜਨਹਿਤ ਪਟੀਸ਼ਨ ਦੇ ਰੂਪ ਵਿੱਚ ਸਿਵਲ ਰਿੱਟ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਡੀਟੀਸੀ ਸਾਲਾਂ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਸਕੂਲਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਹੁਣ ਸਕੂਲਾਂ ਨੂੰ ਸੇਵਾ ਬੰਦ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਾਪਿਆਂ ਦਾ ਅਜਿਹਾ ਕਦਮ ਟਰਾਂਸਪੋਰਟ ਅਥਾਰਟੀ ਦੇ ਫ਼ੈਸਲੇ ਤੋਂ ਉਨ੍ਹਾਂ ਦੀ ਡੂੰਘੀ ਪੀੜ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਇਹ ਫ਼ੈਸਲਾ ਮਾਪਿਆਂ ਦੀ ਆਰਥਿਕ ਤੰਗੀ ਨੂੰ ਵੀ ਵਧਾਏਗਾ। ਪਟੀਸ਼ਨਰ ਨੇ ਕਿਹਾ ਕਿ ਡੀਟੀਸੀ ਦੇ ਸਕੂਲਾਂ ਲਈ ਬੱਸ ਸੇਵਾਵਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਨੇ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਚੋਣ ਕਰਨ ਲਈ ਮਜਬੂਰ ਕੀਤਾ ਹੈ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਟਰੈਫਿਕ ਦੀ ਸਮੱਸਿਆ ਹੋਰ ਵਧ ਜਾਵੇਗੀ।
ਡੀਟੀਸੀ ਦਾ ਭ੍ਰਿਸ਼ਟਾਚਾਰ ਲੁਕਾਉਣਾ ਚਾਹੁੰਦੇ ਹਨ ਕੇਜਰੀਵਾਲ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਝੂਠ ਨਿੱਤ ਨਵਾਂ ਰੰਗ ਲੈ ਕੇ ਸਾਹਮਣੇ ਆ ਰਿਹਾ ਹੈ। ਕੇਜਰੀਵਾਲ ਸਰਕਾਰ ’ਚ ਘਾਟੇ ਵਿੱਚ ਚੱਲ ਰਹੀ ਡੀਟੀਸੀ ਦਾ ਘਾਟਾ ਸਾਲ-ਦਰ-ਸਾਲ ਵਧਦਾ ਗਿਆ, ਅੱਜ ਦਿੱਲੀ ਟਰਾਂਸਪੋਰਟ ਦਾ ਘਾਟਾ 39000 ਕਰੋੜ ਤੱਕ ਪਹੁੰਚ ਗਿਆ ਹੈ। ਕੁਮਾਰ ਨੇ ਕਿਹਾ ਕਿ ਡੀਟੀਸੀ ਨੇ ਮੀਡੀਆ ਵਿੱਚ ਨੁਕਸਾਨ ਛੁਪਾ ਕੇ 2.32 ਕਰੋੜ ਰੁਪਏ ਕਮਾਏ। ਸਰਕਾਰ ਦੇ ਆਰਥਿਕ ਸਰਵੇਖਣ ਵਿੱਚ ਸਾਲ 2015-16 ਵਿੱਚ ਡੀਟੀਸੀ ਸੰਚਾਲਨ ਦਾ ਨੁਕਸਾਨ 1250.15 ਕਰੋੜ ਸੀ ਜੋ 2020-21 ਵਿੱਚ ਵੱਧ ਕੇ 3034 ਕਰੋੜ ਹੋ ਗਿਆ। ਸੱਤ ਸਾਲਾਂ ਵਿੱਚ ਡੀਟੀਸੀ ਘਾਟੇ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ ਤਾਂ ਫਿਰ ਇੱਕ ਸਰਕਾਰ ਨੇ ਘਾਟੇ ਨੂੰ ਖਤਮ ਕਰਕੇ 2.32 ਕਰੋੜ ਦਾ ਮੁਨਾਫਾ ਕਿੱਥੋਂ ਲਿਆ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਸਰਕਾਰ ਨੇ ਜੁਲਾਈ 2021 ਵਿੱਚ 1000 ਬੱਸਾਂ ਖਰੀਦਣ ਦੀ ਗੱਲ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਡੀਟੀਸੀ 2015 ਤੋਂ ਘਾਟੇ ਵਿੱਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਡੀ.ਟੀ.ਸੀ ਅਧੀਨ ਇੱਕ ਵੀ ਕਲੱਸਟਰ ਬੱਸ ਨਹੀਂ ਚੱਲਦੀ ਸੀ ਅਤੇ ਡੀ.ਟੀ.ਸੀ ਦੇ ਬੇੜੇ ਵਿੱਚ 6342 ਬੱਸਾਂ ਚੱਲਦੀਆਂ ਸਨ, ਜੁਲਾਈ 2021 ਵਿੱਚ 3240 ਕਲੱਸਟਰ ਬੱਸਾਂ ਦਾ ਵਾਧਾ ਹੋਇਆ ਹੈ। 2015 ਤੋਂ ਲੈ ਕੇ ਹੁਣ ਤੱਕ ਡੀਟੀਸੀ ਨੇ ਇੱਕ ਵੀ ਨਵੀਂ ਬੱਸ ਨਹੀਂ ਖਰੀਦੀ ਅਤੇ ਚੱਲ ਰਹੀਆਂ ਜ਼ਿਆਦਾਤਰ ਬੱਸਾਂ 10 ਸਾਲ ਪੂਰੇ ਹੋਣ ਤੋਂ ਬਾਅਦ ਓਵਰਏਜ਼ ਹੋ ਗਈਆਂ ਹਨ।