ਨਵੀਂ ਦਿੱਲੀ, 19 ਜਨਵਰੀ
ਉੱਤਰੀ-ਪੱਛਮੀ ਦਿੱਲੀ ਦੇ ਪੀਤਮਪੁਰਾ ਇਲਾਕੇ ’ਚ ਬੀਤੀ ਰਾਤ ਇਕ ਘਰ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਹਰਸ਼ ਵਰਧਨ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਮਦਦ ਕਰਨ ਦਾ ਭਰੋਸਾ ਦਿੱਤਾ।
ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਰਾਤ 8 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਠ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਘਟਨਾ ਦੌਰਾਨ ਸਥਾਨਕ ਪੁਲੀਸ ਦੀ ਮਦਦ ਨਾਲ ਸੱਤ ਲੋਕਾਂ ਨੂੰ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰ ਔਰਤਾਂ ਸਮੇਤ ਛੇ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਅਤੇ ਇਸ ਤੋਂ ਉੱਪਰ ਦੀਆਂ ਤਿੰਨ ਹੋਰ ਮੰਜ਼ਿਲਾਂ ਧੂੰਏਂ ਦੀ ਲਪੇਟ ’ਚ ਆ ਗਈਆਂ।
ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ’ਚ ਜਾਨ ਗੁਆਉਣ ਵਾਲੀਆਂ ਚਾਰ ਔਰਤਾਂ ਸਮੇਤ ਛੇ ਲੋਕ ਦੋ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਇਮਾਰਤ ਦੀ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ’ਤੇ ਕਿਰਾਏ ’ਤੇ ਰਹਿ ਰਹੇ ਸਨ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਕੇਸ਼ ਗੁਪਤਾ (62), ਰੇਣੂ ਗੁਪਤਾ (62), ਸ਼ਵੇਤਾ (30), ਸ਼ਾਨੂ ਵਰਮਾ (27), ਸੰਤੋਸ਼ (25) ਅਤੇ ਕੀਰਤੀ (25) ਵਜੋਂ ਹੋਈ ਹੈ। -ਪੀਟੀਆਈ
ਡੀਆਰਡੀਓ ਦਫ਼ਤਰ ਵਿੱਚ ਅੱਗ
ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਖੇਤਰ ਵਿੱਚ ਮੈਟਕਾਫ਼ ਹਾਊਸ ਸਥਿਤ ਡੀਆਰਡੀਓ ਦਫ਼ਤਰ ਵਿੱਚ ਅੱਜ ਦੁਪਹਿਰ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਅਧਿਕਾਰੀਆਂ ਅਨੁਸਾਰ ਸਿਵਲ ਲਾਈਨਜ਼ ਵਿੱਚ ਡੀਆਰਡੀਓ (ਰੱਖਿਆ ਖੋਜ ਅਤੇ ਵਿਕਾਸ ਸੰਗਠਨ) ਦੀ ਇਮਾਰਤ ਵਿੱਚ ਅੱਗ ਲੱਗਣ ਬਾਰੇ ਦੁਪਹਿਰ 12:12 ਵਜੇ ਜਾਣਕਾਰੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਛੇਵੀਂ ਮੰਜ਼ਿਲ ’ਤੇ ਇਕ ਮੀਟਿੰਗ ਹਾਲ ’ਚ ਅੱਗ ਲੱਗਦੇ ਸਾਰੇ ਹੀ ਕਰਮਚਾਰੀ ਇਮਾਰਤ ਤੋਂ ਬਾਹਰ ਆ ਗਏ। ਉਨ੍ਹਾਂ ਨੇ ਦੱਸਿਆ ਕਿ ਕੁੱਲ 12 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਅਤੇ ਦੁਪਹਿਰ 1 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ।