ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਸਮਾਜਿਕ ਜਾਗੂਰਕਤਾ ਦੀ ਨਵੀਂ ਮੁਹਿੰਮ ਆਰੰਭ ਕਰਦੇ ਹੋਏ ਸਕੂਲ ਦੇ ਮੁੱਖ ਗੇਟ’ ਦੇ ਬਾਹਰ ਲੱਕੜ ਦੀ ਇੱਕ ਪੇਟੀ ਰੱਖ ਕੇ ਦਵਾਈਆਂ ਦੇ ‘ਲੰਗਰ’ ਦੀ ਸ਼ੁਰੂਆਤ ਕੀਤੀ ਗਈ। ਇਸ ਬਕਸੇ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿਭਾਗ ਮੁਖੀ ਅਤੇ ਦਸ਼ਮੇਸ਼ ਆਈਏਐੱਸ ਅਕਾਦਮੀ ਆਰਕੇ ਪੁਰਮ ਦੇ ਡਾ. ਹਰਮੀਤ ਸਿੰਘ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਨੇ ਦੱਸਿਆ ਕਿ ਬੀਪੀ, ਸ਼ੂਗਰ, ਮਾਈਗਰੇਨ ਆਦਿ ਬਿਮਾਰੀਆਂ ਲਈ ਦਵਾਈਆਂ ਦਾ ਬਕਸਾ ਲਾਇਆ ਗਿਆ ਹੈ। ਵਾਰਡ ਨੰਬਰ 41 ਵਿੱਚ ਆਉਣ ਵਾਲੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਮੁਖੀਆਂ ਨੂੰ ਵੀ ਇਸ ਬਕਸੇ ਵਿੱਚ ਦਵਾਈਆਂ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਕੂਲ ਪ੍ਰਬੰਧਕਾਂ ਨੂੰ ਇਹ ‘ਬਕਸਾ’ ਮੁਹੱਈਆ ਕਰਾਉਣ ਵਾਲੇ ਡਾ. ਹਰਮੀਤ ਸਿੰਘ ਰਿਹਾਨ ਦਾ ਕਹਿਣਾ ਹੈ ਕਿ ਇਸ ਬਕਸੇ ਵਿੱਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਦੀ ਚੰਗੀ ਤਰ੍ਹਾਂ ਨਾਲ ਜਾਂਚ-ਪੜਤਾਲ ਕਰਕੇ ਹੀ ਅੱਗੇ ਆਮ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।