ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੁਲਾਈ
ਇਸਤਰੀ ਅਕਾਲੀ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਦੇਸ਼ਭਰ ਵਿੱਚ ਸ਼ੁਰੂ ਕੀਤੀ ਗਈ ਬੂਟੇ ਲਾਉਣ ਦੀ ਮੁਹਿਮ ਤਹਿਤ ਅੱਜ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਨਿੰਮ ਦੇ ਬੂਟੇ ਲਗਾਏ ਗਏ। ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋਂ ਹਰੀ ਨਗਰ ਤੋਂ ਦੋ ਰੋਜ਼ਾ ਮੁਹਿਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ 10 ਨਿੰਮ ਦੇ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਸਾਡੀ ਕੌਮੀ ਪ੍ਰਧਾਨ ਦੇ ਆਦੇਸ਼ ਮੁਤਾਬਿਕ ਦਿੱਲੀ ਵਿੱਚ ਬੂਟੇ ਲਗਾਉਣ ਦੀ ਮੁਹਿਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੂਰੀ ਦਿੱਲੀ ਵਿੱਚ ਦਲ ਦੀਆਂ ਔਰਤਾਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਬਿਹਤਰ ਬਣਾਉਣ ਦੇ ਯਤਨ ਕਰਨਗੀਆਂ। ਇਸ ਤੋਂ ਇਲਾਵਾ ਉੱਤਰੀ ਦਿੱਲੀ, ਪੂਰਬੀ ਦਿੱਲੀ, ਦੱਖਣੀ ਦਿੱਲੀ ਤੇ ਕੇਂਦਰੀ ਦਿੱਲੀ ਵਿੱਚ ਵੀ ਮੁਹਿਮ ਤਹਿਤ ਬੂਟੇ ਲਗਾਏ ਗਏ। ਪੱਛਣੀ ਦਿੱਲੀ ਵਿੱਚ ਸ਼ਾਹਪੁਰਾ, ਤਿਲਕ ਨਗਰ ਆਦਿ ਇਲਾਕਿਆਂ ਵਿੱਚ ਵੀ ਇਸ ਮੁਹਿਮ ਨੂੰ ਚਲਾਇਆ ਗਿਆ। ਭੁਪਿੰਦਰ ਕੌਰ ਨੇ ਪੰਜਾਬੀ ਬਾਗ ਵਿਖੇ ਬੂਟੇ ਲਗਾਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਸੁਖਸ਼ਾਲਾ ਵਿੱਚ ਵੀ ਰਣਜੀਤ ਕੌਰ, ਅੰਮ੍ਰਿਤਾ ਕੌਰ, ਸੁਰਬੀਰ ਕੌਰ, ਬਲਜੀਤ ਕੌਰ, ਮੰਜੀਤ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ ਫ਼ਤਿਹ ਨਗਰ, ਗੁਰਮੀਤ ਕੌਰ ਸੁਭਾਸ਼ ਨਗਰ ਆਦਿ ਨੇ ਨਿੰਮ ਦੇ ਬੂਟੇ ਲਗਾਏ। ਇਸ ਦੌਰਾਨ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸਾਰੀਆਂ ਔਰਤਾਂ ਨੇ ਇੱਕ ਪ੍ਰਣ ਵੀ ਲਿਆ ਹੈ ਕਿ ਉਹ ਸਿਰਫ਼ ਇਨ੍ਹਾਂ ਬੂਟਿਆਂ ਨੂੰ ਲਗਾ ਕੇ ਫ਼ੋਟੋ ਤੱਕ ਹੀ ਸੀਮਤ ਨਹੀਂ ਰਹਿਣਗੀਆਂ ਸਗੋਂ ਇਨ੍ਹਾਂ ਬੂਟਿਆਂ ਦੀ ਪੂਰੀ ਦੇਖਭਾਲ ਕਰਨਗੀਆਂ ਤਾਂ ਕਿ ਜਲਦ ਤੋਂ ਜਲਦ ਇਹ ਵਿਸ਼ਾਲ ਰੁੱਖ ਬਣ ਕੇ ਵਾਤਾਵਰਨ ਸ਼ੁੱਧਤਾ ਵਿੱਚ ਸਹਾਈ ਹੋਵੇ।