ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਯੂਨੀਵਰਸਿਟੀ ਕੈਂਪਸ ਅੰਦਰ ਕੰਧਾਂ ‘ਤੇ ਪੋਸਟਰ ਲਗਾਉਣਾ ਹੁਣ ਮਹਿੰਗਾ ਪੈ ਸਕਦਾ ਹੈ, ਕਿਉਂਕਿ ਯੂਨੀਵਰਸਿਟੀ ਨੇ ਕੰਧਾਂ ਖਰਾਬ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਮੁਆਵਜ਼ਾ ਵਸੂਲਣਾ ਜਾਂ ਦੋਸ਼ੀਆਂ ਤੋਂ ਕੰਧਾਂ ਨੂੰ ਪੇਂਟ ਕਰਵਾਉਣਾ ਸ਼ਾਮਲ ਹੈ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੀ ਸਥਿਤੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੌਰਾਨ ਉਦੋਂ ਵਿਗੜ ਜਾਂਦੀ ਹੈ ਜਦੋਂ ਜਥੇਬੰਦੀਆਂ ਪੋਸਟਰਾਂ ਨਾਲ ਕੰਧਾਂ ਨੂੰ ਢਕਣ ਦੀਆਂ ਕੋਸ਼ਿਸ਼ ਕਰਦੀਆਂ ਹਨ। ਡੀਯੂ ਪ੍ਰੋਕਟਰ ਰਜਨੀ ਅੱਬੀ ਨੇ ਉਜਾਗਰ ਕੀਤਾ ਕਿ ਕੁਝ ਤੱਤ ਕੈਂਪਸ ਦੀਆਂ ਕੰਧਾਂ ਨੂੰ ਵਿਗਾੜ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਕੰਧਾਂ ’ਤੇ ਪੋਸਟਰ ਚਿਪਕਾਉਣ ਜਾਂ ਪੇਂਟ ਕਰਨ ਵਾਲੀਆਂ ਜਥੇਬੰਦੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀ ਨੇ ਦੱਸਿਆ ਕਿ ਕੰਧਾਂ ਨੂੰ ਖਰਾਬ ਕਰਨ ਦਾ ਕੰਮ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਯੂਨੀਵਰਸਿਟੀ ਦਾ ਸੁੰਦਰੀਕਰਨ ਹੋ ਰਿਹਾ ਹੈ। ਅਬੀ ਨੇ ਨੋਟ ਕੀਤਾ ਕਿ ਕੰਧਾਂ ਨੂੰ ਵਿਗਾੜਨਾ ਦਿੱਲੀ ਪ੍ਰੀਵੈਨਸ਼ਨ ਆਫ ਡੈਫੇਸਮੈਂਟ ਆਫ ਪ੍ਰਾਪਰਟੀ ਐਕਟ, 2007 ਅਤੇ ਐਮਸੀਡੀ ਐਕਟ ਦੀ ਧਾਰਾ 397 ਦੇ ਵਿਰੁੱਧ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਦੇ ਪੋਸਟਰ ਅਤੇ ਨਾਮ ਦੀਵਾਰਾਂ ‘ਤੇ ਚਿਪਕਾਏ ਜਾਂ ਪੇਂਟ ਕੀਤੇ ਗਏ ਪਾਏ ਗਏ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਮੁਆਵਜ਼ਾ ਵੀ ਦੇਣਾ ਪੈ ਸਕਦਾ ਹੈ ਜਾਂ ਫਿਰ ਕੰਧਾਂ ਨੂੰ ਪੇਂਟ ਕਰਾਉਣਾ ਪੈ ਸਕਦਾ ਹੈ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਯੂਨੀਵਰਸਿਟੀ ਅਸਲ ਕਸੂਰਵਾਰਾਂ ਨੂੰ ਸਜ਼ਾ ਦਿਵਾਉਣਾ ਕਿਵੇਂ ਯਕੀਨੀ ਬਣਾਏਗੀ ਤਾਂ ਅਬੀ ਨੇ ਕਿਹਾ ਕਿ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ।