ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕੌਮੀ ਕਵੀ ਦਰਬਾਰ ਇੱਥੋਂ ਦੇ ਮੰਡੀ ਹਾਊਸ ਇਲਾਕੇ ਵਿੱਚ ਸਥਿਤ ਸ੍ਰੀ ਰਾਮ ਸੈਂਟਰ ਵਿੱਚ ਕਰਵਾਇਆ ਗਿਆ। ਇਸ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਕਵੀਆਂ ਨੇ ਹਿੱਸਾ ਲਿਆ। ਕਵੀ ਦਰਬਾਰ ਦੀ ਆਰੰਭਤਾ ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਪੰਜਾਬੀ ਅਕਾਦਮੀ ਦੇ ਉਪ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਵੱਲੋਂ ਹੋਰ ਅਧਿਕਾਰੀਆਂ ਨਾਲ ਮਿਲ ਕੇ ਨਿਭਾਈ ਗਈ। ਵਿਕਰਮਜੀਤ ਸਿੰਘ ਸਾਹਨੀ ਨੇ ਇਸ ਮੌਕੇ ਕਿਹਾ ਕਿ ਪੰਜਾਬੀਆਂ ਨੇ ਜੰਗੇ-ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਤੇ ਅਨੇਕਾਂ ਪੰਜਾਬੀਆਂ ਨੇ ਵੱਧ-ਚੜ੍ਹ ਕੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਰਵਾਨਿਆਂ ਭਗਤ ਸਿੰਘ, ਲਾਲਾ ਲਾਜਪਤ ਰਾਇ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਤੇ ਅਨੇਕਾਂ ਹੋਰਨਾਂ ਨੇ ਆਪਣੀਆਂ ਜਾਨਾਂ ਦੇਸ਼ ਲਈ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਜ਼ਾਦੀ ਲਈ ਮਹਾਨ ਸੰਗਰਾਮ ਸ਼ੁਰੂ ਹੋਏ ਤੇ ਅੰਗਰੇਜ਼ਾਂ ਦੀ ਪਿੱਠ ਲੁਆਈ। 123 ਸੁਤੰਤਰਤਾ ਸੈਲਾਨੀਆਂ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਦਿੱਤੀ, ਜਿਨ੍ਹਾਂ ਵਿੱਚ 93 ਮਹਾਨ ਪੰਜਾਬੀ ਸਨ। ਪੰਜਾਬੀਆਂ ਨੇ ਵੱਡੀਆਂ ਮੁਹਿੰਮਾਂ ਦੀ ਅਗਵਾਈ ਕੀਤੀ ਜਿਵੇਂ ਗਦਰ ਲਹਿਰ, ਕਾਮਾਗਾਟਮਾਰੂ ਅੰਦੋਲਨ, ਕੂਕਾ ਲਹਿਰ, ਕੁੰਜੀਆਂ ਦਾ ਮੋਰਚਾ ਤੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਨੇ ਆਜ਼ਾਦੀ ਘੋਲ ਨੂੰ ਪ੍ਰਚੰਡ ਕੀਤਾ। ਹਰਸ਼ਰਨ ਸਿੰਘ ਬੱਲੀ ਨੇ ਅਕਾਦਮੀ ਦੇ ਕਾਰਜਾਂ ਬਾਰੇ ਚਰਚਾ ਕੀਤੀ। ਕਵੀ ਦਰਬਾਰ ਵਿੱਚ ਅਮਰਜੀਤ ਸਿੰਘ ਅਮਰ, ਅਜੀਤ ਪਾਲ, ਸੁਹਿੰਦਰ ਬੀਰ, ਸ਼ਤੀਸ਼ ਠੁਕਰਾਲ, ਹਰਜੀਤ ਕੌਰ, ਗਰਚਰਨ ਸਿੰਘ ਚਰਨ, ਗੁਰਪ੍ਰੀਤ ਕੌਰ ਸੈਣੀ, ਜਗਜੀਤ ਕੌਰ ਭੋਲੀ, ਤਰਿੰਦਰ ਕੌਰ, ਦਰਸ਼ਨ ਚੀਮਾ, ਮਨਪ੍ਰੀਤ ਕੌਰ, ਨੂਰ ਮੁਹੰਮਦ ਨੂਰ ਨੇ ਰਚਨਾਵਾਂ ਸੁਣਾਈਆਂ।