ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਪ੍ਰਾਜੈਕਟ ਗੁਰੂ ਹਰਿਕ੍ਰਿਸ਼ਨ ਹਸਪਤਾਲ (ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ) ਨੂੰ ਲੈ ਕੇ ਦਿੱਲੀ ਦੀ ਸਿੱਖ ਰਾਜਨੀਤੀ ਫਿਰ ਗਰਮਾ ਗਈ ਹੈ। ਹੁਣ ਇਸ ਹਸਪਤਾਲ ਵਿਖੇ 7 ਮਾਰਚ ਨੂੰ ਗੁਰਦਾ ਡਾਇਲਸਿਸ ਹਸਪਤਾਲ ਦਾ ਉਦਘਾਟਨ ਮੌਜੂਦਾ ਸੱਤਾਧਾਰੀ ਧਿਰ ਵੱਲੋਂ ਕੀਤਾ ਜਾਵੇਗਾ। ਇਸ ਹਸਪਤਾਲ ਨੂੰ ਸ਼ੁਰੂ ਕਰਨ ਤੋਂ ਦਿੱਲੀ ਦੀ ਸਿੱਖ ਸਿਆਸਤ ਗਰਮਾਉਂਦੀ ਰਹੀ ਹੈ। ਸੱਤਾਧਾਰੀ ਧਿਰ ਇਸ ਹਸਪਤਾਲ ਨੂੰ ਡਾਇਲਸਿਸ ਹਸਪਤਾਲ ਵੱਜੋਂ ਵਿਕਸਤ ਕਰਕੇ ਅਪਰੈਲ ਵਿੱਚ ਹੋਣ ਵਾਲੀਆਂ ਸੰਭਾਵੀ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸਿੱਖ ਵੋਟਰਾਂ ਕੋਲ ਜਾਣਾ ਲੋਚਦੀ ਹੈ ਪਰ ਵਿਰੋਧੀ ਧਿਰ ਵੱਲੋਂ ਹੁਣੇ ਤੋਂ ਇਹ ਸ਼ੋਰ ਪਾਇਆ ਜਾ ਰਿਹਾ ਹੈ ਕਿ 550 ਬਿਸਤਰਿਆਂ ਦੇ ਵੱਡੇ ਹਸਪਤਾਲ ਦੀ ਥਾਂ ਡਾਇਲਸਿਸ ਸੈਂਟਰ ਸ਼ੁਰੂ ਕਰਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਬਣਾਉਣ ਤੇ ਸ਼ੁਰੂ ਕਰਨ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ। ਇੱਥੇ ਇਕੋ ਸਮੇਂ 101 ਮਰੀਜ਼ਾਂ ਦਾ ਡਾਇਲਸਿਸ ਤੇ ਰੋਜ਼ਾਨਾ 500 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਹਸਪਤਾਲ ਦਾ ਦੌਰਾ ਕੀਤਾ ਤੇ ਕਿਹਾ ਕਿ ਦਿੱਲੀ ਕਮੇਟੀ ਦੇਸ਼ ਦਾ ਸਭ ਤੋਂ ਵੱਡਾ ਗੁਰਦਾ ਹਸਪਤਾਲ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਹਸਪਤਾਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਵੀ ਦੇਖੀਆਂ। ਕਮੇਟੀ ਦੇ ਆਜ਼ਾਦ ਮੈਂਬਰ ਤੇ ਸਾਬਕਾ ਕਾਂਗਰਸੀ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਵੱਲੋਂ 7 ਮਾਰਚ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ।
ਸਾਲ 2013 ਦੀਆਂ ਚੋਣਾਂ ਮਗਰੋਂ 2021 ਦੀਆਂ ਕਮੇਟੀ ਚੋਣਾਂ ਦੌਰਾਨ ਇਹ ਮੁੱਦਾ ਫਿਰ ਗਰਮਾਏਗਾ। ਇਸ ਦੀ ਖੰਡਰ ਬਣ ਚੁੱਕੀ ਇਮਾਰਤ ਦੇ ਅਗਲੇ ਹਿੱਸੇ ਨੂੰ ਰੰਗ-ਰੋਗਨ ਕਰਕੇ ਹਸਪਤਾਲ ਸ਼ੁਰੂ ਕੀਤਾ ਜਾਵੇਗਾ।