ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਸ਼ੁਰੂ ਹੋਣ ਵਾਲੀ ‘ਰੈੱਡਲਾਈਟ ਆਨ, ਗੱਡੀ ਆਫ਼’ ਯੋਜਨਾ ਨੂੰ ਦਿੱਲੀ ਦੇ ਉਪ ਰਾਜਪਾਲ ਵੱਲੋਂ ਮਨਜ਼ੂਰੀ ਨਾ ਮਿਲਣ ਮਗਰੋਂ ‘ਆਪ’ ਨੇ ਉਪ ਰਾਜਪਾਲ ਵੀ ਕੇ ਸਕਸੈਨਾ ਖ਼ਿਲਾਫ਼ ਸਿਆਸੀ ਹੱਲਾ ਬੋਲਿਆ ਹੈ। ‘ਆਪ’ ਦੇ ਕਾਰਕੁਨਾਂ ਨੇ ਉਪ ਰਾਜਪਾਲ ਦੇ ਦਫ਼ਤਰ ਕੋਲ ਪ੍ਰਦਰਸ਼ਨ ਕਰਦਿਆਂ ਐਲਜੀ ਨੂੰ ਤਾਨਾਸ਼ਾਹ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਰੈੱਡਲਾਈਟ ਆਨ, ਗੱਡੀ ਆਫ਼’ ਵਾਲੀ ਫਾਈਲ ਐਲ ਜੀ ਨੇ ਵਾਪਸ ਭੇਜ ਦਿੱਤੀ ਹੈ।
‘ਆਪ’ ਕਾਰਕੁਨਾਂ ਨੇ ਸਿਵਲ ਲਾਈਨਜ਼ ਖੇਤਰ ਵਿੱਚ ਉਪ ਰਾਜਪਾਲ ਦੇ ਦਫ਼ਤਰ ਨੇੜੇ ਰਾਜ ਨਿਵਾਸ ਮਾਰਗ ਉਪਰ ਧਰਨਾ ਦਿੱਤਾ ਤੇ ਸ੍ਰੀ ਸਕਸੈਨਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿੱਚ ਔਰਤਾਂ ਦੀ ਵੀ ਸ਼ਮੂਲੀਅਤ ਰਹੀ। ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਐਲਜੀ ਹਾਊਸ ਨੇੜੇ ਇਲਾਕੇ ਵਿੱਚ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਅਰੁਣਾ ਆਸਫ ਅਲੀ ਹਸਪਤਾਲ ਨੂੰ ਜਾਂਦੇ ਮਾਰਗ ਨੂੰ ਵੀ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਐਲਜੀ ਹਾਊਸ ਵੱਲੋਂ ਮੁੜ ਤੋਂ ਦਿੱਲੀ ਸਰਕਾਰ ਦੇ ਕਾਰਜਾਂ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਪ੍ਰਦੂਸ਼ਣ ਰੋਕਣ ਲਈ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦੇ ਦੋਸ਼ ਮੜੇ ਗਏ।
ਬੀਤੇ ਦਿਨੀਂ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਇ ਨੇ ਦੋਸ਼ ਲਾਇਆ ਸੀ ਕਿ ਉਪ ਰਾਜਪਾਲ ਨੇ ‘ਰੈੱਡਲਾਈਟ ਆਨ, ਗੱਡੀ ਆਫ਼’ ਨੂੰ ਸ਼ੁਰੂ ਕਰਨ ਵਾਲੀ ਫਾਈਲ ਪਾਸ ਨਹੀਂ ਕੀਤੀ ਜਿਸ ਕਰਕੇ ਇਹ ਯੋਜਨਾ ਸ਼ੁਰੂ ਨਹੀਂ ਹੋ ਸਕੀ। ਉਧਰ ਭਾਜਪਾ ਦੇ ਆਈਟੀ ਸੈੱਲ ਵੱਲੋਂ ਅਮਿਤ ਮਾਲਵੀਆ ਨੇ ਕਿਹਾ ਕਿ ਐਲਜੀ ਦਫ਼ਤਰ ਕੋਈ ਡਾਕਖ਼ਾਨਾ ਨਹੀਂ, ਉੱਥੇ ਹਰ ਕਾਰਜ ਹਰ ਪੱਖੋਂ ਵਾਚਿਆ ਜਾਂਦਾ ਹੈ। ਐਲਜੀ ਦਫ਼ਤਰ ਵਿੱਚ 21 ਤੋਂ 27 ਤੱਕ ਛੁੱਟੀਆਂ ਸਨ। ‘ਰੈੱਡਲਾਈਟ ਆਨ, ਗੱਡੀ ਆਫ਼’ ਵਾਲੀ ਫਾਈਲ ਐਲ ਜੀ ਨੇ ਵਾਪਸ ਭੇਜੀ
ਨਵੀਂ ਦਿੱਲੀ (ਪੱਤਰ ਪ੍ਰੇਰਕ) ਦਿੱਲੀ ਦੇ ਉਪ ਰਾਜਪਾਲ ਵੀ ਕੈ ਸਕਸੈਨਾ ਨੇ ਦਿੱਲੀ ਸਰਕਾਰ ਦੀ ‘ਰੈੱਡਲਾਈਟ ਆਨ, ਗੱਡੀ ਆਫ਼’ ਮੁਹਿੰੰਮ ਵਾਲੀ ਫਾਈਲ ਵਾਪਸ ਭੇਜ ਦਿੱਤੀ ਹੈ ਤੇ ਇਸ ਨੂੰ ਮੁੜ ਵਿਚਾਰਨ ਲਈ ਕਿਹਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਪ੍ਰਦੂਸ਼ਣ ਰੋਕਣ ਦੀ ਸੰਭਾਵਨਾ ਉੇਪਰ ਸਵਾਲ ਉਠਾਏ ਹਨ। ਉਨ੍ਹਾਂ ਸਿਵਲ ਡਿਫੈਂਸ ਵਾਲੰਟੀਅਰਾਂ ਨਾਲ ਅਣਮਨੁੱਖੀ ਵਰਤਾਓ ਤੇ ਸ਼ੋਸ਼ਣ ਹੋਣ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਲੰਬੇ ਸਮੇਂ ਚੱਲੀ ਆ ਰਹੀ ਸਮੱਸਿਆ ਦੇ ਹੱਲ ਲਈ ਤਕਨੀਕੀ ਦਖ਼ਲਅੰਦਾਜ਼ੀ ਦੀ ਲੋੜ ਹੈ ਨਾ ਕਿ ਆਰਜ਼ੀ ਕਦਮਾਂ ਦੀ। ਇਸ ਤਰ੍ਹਾਂ ‘ਆਪ’ ਸਰਕਾਰ ਤੇ ਉਪ ਰਾਜਪਾਲ ਦਰਮਿਆਨ ਮੁੜ ਤਕਰਾਰ ਸ਼ੁਰੂ ਹੋ ਗਈ ਹੈ।
ਕੂੜੇ ਦੇ ਢੇਰਾਂ ਬਾਰੇ ਗ਼ਲਤ ਜਾਣਕਾਰੀ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੋ: ਐੱਲਜੀ
ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵੀ ਕੇ ਸਕਸੈਨਾ ਵਿਚਾਲੇ ਟਕਰਾਅ ਹੋ ਸਕਦਾ ਹੈ। ਉਪ ਰਾਜਪਾਲ ਨੇ ਦਿੱਲੀ ਨਗਰ ਨਿਗਮ (ਐਮਸੀਡੀ) ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਤੱਤਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਹ ਕਦਮ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦਰਮਿਆਨ ਚੁੱਕਿਆ ਹੈ ਕਿ ਐਮਸੀਡੀ ਸ਼ਹਿਰ ਵਿੱਚ ਨਵੀਆਂ ਕੂੜਾ ਡੰਪ ਸਾਈਟਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਮੌਜੂਦਾ ਤਿੰਨ ਲੈਂਡਫਿਲ ਸਾਈਟਾਂ ’ਤੇ ਕੂੜੇ ਦੇ ਪਹਾੜਾਂ ਨੂੰ ਸਾਫ ਕਰਨ ਵਿੱਚ ਅਸਫਲ ਰਹੀ ਹੈ। ਵੀਕੇ ਸਕਸੈਨਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਐਮਸੀਡੀ ਨੇ ਪਿਛਲੇ ਚਾਰ ਮਹੀਨਿਆਂ ਵਿੱਚ 26.1 ਲੱਖ ਮੀਟ੍ਰਿਕ ਟਨ ਪੁਰਾਣੇ ਕੂੜੇ ਨੂੰ ਸਾਫ਼ ਕੀਤਾ ਹੈ ਜਿਸ ਨਾਲ ਕੂੜੇ ਦੇ ਪਹਾੜ ਦੀ ਉਚਾਈ 10-15 ਮੀਟਰ ਤੱਕ ਘੱਟ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਇੱਕ ਵੀ ਨਵੀਂ ਡੰਪਿੰਗ ਸਾਈਟ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਸਕਸੈਨਾ ਨੇ ਟਵੀਟ ਕੀਤਾ ਕਿ ਕੁਝ ਸਵਾਰਥੀ ਤੱਤਾਂ ਦੇ ਝੂਠੇ ਦਾਅਵਿਆਂ ਦੇ ਉਲਟ ਸ਼ਹਿਰ ਵਿੱਚ ਐਮਸੀਡੀ ਦੁਆਰਾ ਇੱਕ ਵੀ ਨਵੀਂ ਡੰਪਿੰਗ ਸਾਈਟ ਦੀ ਯੋਜਨਾ ਨਹੀਂ ਹੈ। ਦੱਸਣਾ ਬਣਦਾ ਹੈ ਕਿ ਐਮਸੀਡੀ ਚੋਣਾਂ ਇਸ ਸਾਲ ਦਸੰਬਰ ਤੱਕ ਹੋਣ ਦੀ ਉਮੀਦ ਹੈ।