ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਕਤੂਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ 24 ਘੰਟੇ ਦੇ ਔਸਤ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਵੇਰੇ 8.05 ਵਜੇ ਦਿੱਲੀ ਦੀ ਹਵਾ ਦੀ ਗੁਣਵੱਤਾ 218 ’ਤੇ ਖ਼ਰਾਬ ਸ਼੍ਰੇਣੀ ਵਿੱਚ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਧੂੰਏਂ ਦੀ ਸੰਘਣੀ ਚਾਦਰ ਕਾਰਨ ਗੰਭੀਰ ਹਵਾ ਪ੍ਰਦੂਸ਼ਣ ਹੁੰਦਾ ਹੈ। ਐਤਵਾਰ ਨੂੰ ਅਸਮਾਨ ਸਾਫ਼ ਸੀ ਪਰ ਹਵਾ ਦੀ ਗੁਣਵੱਤਾ ਜੋ ਇੰਡੈਕਸ ’ਤੇ 218 ਮਾਪੀ ਗਈ। ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ ਘਟਦੀ ਜਾ ਰਹੀ ਹੈ। ਅਗਲੇ ਕੁਝ ਦਿਨਾਂ ਵਿੱਚ ਹੋਰ ਵਿਗੜਨ ਦੀ ਸੰਭਾਵਨਾ ਹੈ।
ਸਵੇਰੇ 8.05 ਵਜੇ ਦਿੱਲੀ ਦੀ ਹਵਾ ਦੀ ਗੁਣਵੱਤਾ 218 ’ਤੇ ਖ਼ਰਾਬ ਸ਼੍ਰੇਣੀ ਵਿੱਚ ਸੀ। ਜ਼ਿਕਰਯੋਗ ਹੈ ਕਿ 0-50 ਦੇ ਵਿਚਕਾਰ ਨੂੰ ਚੰਗਾ, 51-100 ਤਸੱਲੀਬਖਸ਼, 101- 200 ਦਰਮਿਆਨਾ, 201 300 ਮਾੜਾ, 301 ਅਤੇ 400 ਬਹੁਤ ਮਾੜਾ, 401 ਤੇ 500 ਗੰਭੀਰ ਮੰਨਿਆ ਜਾਂਦਾ ਹੈ। ਅਕਤੂਬਰ ਵਿੱਚ ਅਚਾਨਕ ਭਾਰੀ ਬਾਰਸ਼ ਹੋਣ ਕਾਰਨ ਦਿੱਲੀ ਵਿੱਚ ਸਭ ਤੋਂ ਸਾਫ਼ ਹਵਾ ਗੁਣਵੱਤਾ ਸੂਚਕ ਅੰਕ ਦੀ ਰਿਪੋਰਟ ਕੀਤੇ ਜਾਣ ਦੇ ਕੁਝ ਦਿਨ ਬਾਅਦ ਹੀ ਹਵਾ ਖ਼ਰਾਬ ਸਾਹਮਣੇ ਆਈ ਹੈ। ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਘਟ ਕੇ ਖ਼ਰਾਬ ਸ਼੍ਰੇਣੀ ਵਿੱਚ ਆ ਗਿਆ। ਸ਼ਨਿਚਰਵਾਰ ਨੂੰ ਦਿੱਲੀ ਏਕਿਊਆਈ ‘ਦਰਮਿਆਨਾ’ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ 24 ਘੰਟੇ ਦੇ ਔਸਤ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਮੁਤਾਬਕ ਦਿੱਲੀ ਦੀ ਹਵਾ ਦੀ ਗੁਣਵੱਤਾ 186 ਸੀ। ਸ਼ੁੱਕਰਵਾਰ ਨੂੰ ਵੀ 154 ’ਤੇ ਮੱਧਮ ਰਿਹਾ ਸੀ। ਇੰਡੀਅਨ ਇੰਸਟੀਚਿਊਟ ਆਫ ਟਰੌਪਿਕਲ ਮੈਟਰੋਲੋਜੀ ਨੇ 17 ਅਕਤੂਬਰ ਨੂੰ ਚਿਤਾਵਨੀ ਦਿੱਤੀ ਕਿ ਹਵਾ ਦੀ ਗੁਣਵੱਤਾ ਮੱਧਮ ਤੋਂ ਮਾੜੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ। ਅਗਲੇ ਛੇ ਦਿਨਾਂ ਵਿੱਚ ਇਹ ਮੱਧਮ ਤੋਂ ਖ਼ਰਾਬ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ।
ਦਿੱਲੀ ਵਿਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ।
ਪਾਬੰਦੀ ਦੇ ਬਾਵਜੂਦ ਪਟਾਕਿਆਂ ਦੀ ਗੁਪਤ ਵਿਕਰੀ ਜਾਰੀ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿਚ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ, ਨਿਰਮਾਣ, ਭੰਡਾਰਨ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਦੇ ਬਾਵਜੂਦ ਇਹ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਅਤੇ ਦਿੱਲੀ ਦੇ ਕੁਝ ਰੁਝੇਵੇਂ ਵਾਲੇ ਬਾਜ਼ਾਰਾਂ ਵਿੱਚ ਇਨ੍ਹਾਂ ਦੀ ਗੁਪਤ ਵਿਕਰੀ ਬੇਰੋਕ ਜਾਰੀ ਹੈ। ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਜਨਵਰੀ 2023 ਤੱਕ ਦਿੱਲੀ ਵਿੱਚ ਸਾਰੇ ਪਟਾਕਿਆਂ, ਹਰੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪਾਬੰਦੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਆਨਲਾਈਨ ਪੋਰਟਲ ਵੀ ਪਾਬੰਦੀ ਦੇ ਘੇਰੇ ਵਿੱਚ ਆਉਣਗੇ। ਰਿਪੋਰਟ ਅਨੁਸਾਰ ਕੁਝ ਵਿਕਰੇਤਾ ਸ਼ਹਿਰ ਭਰ ਵਿੱਚ ਪਟਾਕਿਆਂ ਦੀ ਹੋਮ ਡਿਲਿਵਰੀ ਵੀ ਕਰ ਰਹੇ ਹਨ। ਇਸ ਸਬੰਧੀ ਗੱਲ ਕਰਨ ’ਤੇ ਇੱਕ ਵਿਕਰੇਤਾ ਨੇ ਆਪਣੇ ਫੋਨ ’ਤੇ ਪਟਾਕਿਆਂ ਦੀਆਂ ਤਸਵੀਰਾਂ ਦਿਖਾਈਆਂ ਤੇ ਕਿਹਾ ਕਿ ਇਹ ਕਿਸੇ ਹੋਰ ਜਗ੍ਹਾ ਤੋਂ ਇਕੱਠੇ ਕੀਤੇ ਜਾਣਗੇ। ਕੁਝ ਹੋਰ ਵਿਕਰੇਤਾਵਾਂ ਨੇ ਘੱਟੋ-ਘੱਟ 1,000 ਦੀ ਖ਼ਰੀਦ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਜ਼ਿਆਦਾਤਰ ਸਟਾਕ ਹਰੇ ਪਟਾਕਿਆਂ ਦਾ ਹੈ ਜਦੋਂਕਿ ਬਾਜ਼ਾਰ ਵਿੱਚ ਸਾਰੇ ਤਰ੍ਹਾਂ ਦੇ ਪਟਾਕਿਆਂ ਦੀ ਪਾਬੰਦੀ ਹੈ। ਪਟਾਕਿਆਂ ਦੀ ਆਨਲਾਈਨ ਵਿਕਰੀ ਵੀ ਵਧਦੀ ਨਜ਼ਰ ਆ ਰਹੀ ਹੈ। ਇੱਕ ਵਿਕਰੇਤਾ ਨੇ ਕਿਹਾ ਕਿ ਡਿਲੀਵਰੀ ਵਿੱਚ ਸਿਰਫ਼ ਇੱਕ ਜਾਂ ਦੋ ਦਿਨ ਲੱਗਣਗੇ ਜਦੋਂਕਿ ਹੋਰ ਆਨਲਾਈਨ ਵਿਕਰੇਤਾ ਖ਼ਰੀਦਦਾਰਾਂ ਨੂੰ ਕਈ ਤਰ੍ਹਾਂ ਦੇ ਆਫ਼ਰ ਦੇ ਰਹੇ ਹਨ। ਦਿੱਲੀ ਵਿੱਚ ਪਿਛਲੇ ਸਾਲ ਵੀ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਜਦੋਂਕਿ 2020 ਵਿਚ ਹਰ ਤਰ੍ਹਾਂ ਦੇ ਪਟਾਕਿਆਂ ’ਤੇ ਪਾਬੰਦੀ ਲਗਾਉਣ ਤੋਂ ਪਹਿਲਾਂ ਸ਼ੁਰੂ ਵਿਚ ਹਰੇ ਪਟਾਕਿਆਂ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਦੀਵਾਲੀ ’ਤੇ ਪੂਰੇ ਸ਼ਹਿਰ ਵਿਚ ਪਟਾਕਿਆਂ ਦੀ ਆਵਾਜ਼ ਗੂੰਜਦੀ ਰਹੀ ਸੀ। ਪਟਾਕਿਆਂ ’ਤੇ ਪਾਬੰਦੀ ਲਗਾਉਣਾ ਦਿੱਲੀ ਸਰਕਾਰ ਵੱਲੋਂ 15-ਪੁਆਇੰਟ ਵਿੰਟਰ ਐਕਸ਼ਨ ਪਲਾਨ ਦਾ ਵੀ ਹਿੱਸਾ ਹੈ, ਜੋ ਕਿ 30 ਸਤੰਬਰ 2022 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਕੀਤਾ ਗਿਆ ਸੀ। ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਲਈ 210 ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਦਿੱਲੀ ਪੁਲੀਸ ਅਤੇ ਮਾਲ ਵਿਭਾਗ ਨਾਲ ਤਾਲਮੇਲ ਕਰ ਰਹੀਆਂ ਹਨ ਜਦੋਂ ਵੀ ਕੋਈ ਉਲੰਘਣਾ ਕਰਨ ਵਾਲਾ ਲੱਭਿਆ ਜਾਂਦਾ ਹੈ ਤਾਂ ਪੁਲੀਸ ਕਾਰਵਾਈ ਕਰਦੀ ਹੈ। ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ 6 ਮਹੀਨੇ ਤੱਕ ਦੀ ਸਜ਼ਾ ਤੇ 1,000 ਰੁਪਏ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਤਾਜ਼ਾ ਸਟਾਕ ਦੀ ਵੱਡੀ ਗਿਣਤੀ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਆਈ ਹੈ ਜਿਨ੍ਹਾਂ ਨੇ ਇਸ ਸਾਲ ਹਰੇ ਪਟਾਕਿਆਂ ਦੀ ਵਿਕਰੀ, ਖ਼ਰੀਦ ਅਤੇ ਫੂਕਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਵਿਕਰੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦਿੱਲੀ ਵਿੱਚ ਹੁਣ ਤੱਕ ਲਗਭਗ 5,000 ਕਿਲੋ ਪਟਾਕੇ ਜ਼ਬਤ ਕੀਤੇ ਗਏ ਹਨ।