ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕਸ਼ਮੀਰੀ ਗੇਟ ਆਈਐਸਬੀਟੀ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਦੇਖਿਆ ਕਿ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਰਜਿਸਟਰਡ ਸਾਰੀਆਂ ਬੱਸਾਂ ਬੀਐੱਸ3 ਅਤੇ ਬੀਐੱਸ4 ਸ਼੍ਰੇਣੀ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਤੋਂ ਦਿੱਲੀ ’ਚ ਸਿਰਫ ਇਲੈਕਟ੍ਰਿਕ, ਸੀਐਨਜੀ ਤੇ ਬੀਐਸ-4 ਬੱਸਾਂ ਦਾ ਹੀ ਦਾਖ਼ਲਾ ਹੋਵੇਗਾ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਪਹਿਲੀ ਨਵੰਬਰ ਤੋਂ ਸਾਰੇ ਐਂਟਰੀ ਪੁਆਇੰਟਾਂ ’ਤੇ ਚੈਕਿੰਗ ਮੁਹਿੰਮ ਚਲਾਈ ਜਾਵੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਬੱਸਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਵਾਹਨਾਂ ਦਾ ਨਿਕਾਸ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ। ਦਿੱਲੀ ਵਿੱਚ ਬੱਸਾਂ ਸਿਰਫ਼ ਸੀਐੱਨਜੀ ਅਤੇ ਬਿਜਲੀ ਨਾਲ ਚੱਲਦੀਆਂ ਹਨ ਜਦੋਂ ਕਿ ਗੁਆਂਢੀ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੱਸਾਂ ਬੀਐਸ3 ਅਤੇ ਬੀਐਸ4 ਸ਼੍ਰੇਣੀ ਦੀਆਂ ਹਨ।’’ ਕੇਂਦਰ ਦੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪਹਿਲੀ ਨਵੰਬਰ ਤੋਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸ਼ਹਿਰਾਂ ਤੇ ਕਸਬਿਆਂ ਵਿਚਾਲੇ ਸਿਰਫ਼ ਇਲੈਕਟ੍ਰਿਕ, ਸੀਐਨਜੀ ਅਤੇ ਬੀਐਸ6-ਅਨੁਕੂਲ ਡੀਜ਼ਲ ਬੱਸਾਂ ਚਲਾਉਣ ਦੀ ਇਜਾਜ਼ਤ ਹੈ। ਰਾਏ ਨੇ ਕਿਹਾ, ‘‘ ਸਾਡੀ ਮੰਗ ਹੈ ਕਿ ਕੇਂਦਰ ਕੌਮੀ ਰਾਜਧਾਨੀ ਖੇਤਰ ਵਿੱਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਖੇਤਰਾਂ ਵਿੱਚ ਬੀਐਸ3 ਅਤੇ ਬੀਐਸ4 ਬੱਸਾਂ ਦੇ ਚੱਲਣ ’ਤੇ ਰੋਕ ਲਾਏ।’’
ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ 341 ਏਕਿਊਆਈ ਤੱਕ ਪਹੁੰਚੀ
ਦਿੱਲੀ, ਨੋਇਡਾ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ ‘ਖ਼ਰਾਬ’ ਤੋਂ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪਹੁੰਚਣ ਮਗਰੋਂ ਸਰਕਾਰ ਦੀ ਚਿੰਤਾ ਵਧਦੀ ਜਾ ਰਹੀ ਹੈ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਪੱਧਰ 341 ਤੱਕ ਪਹੁੰਚ ਗਿਆ ਹੈ ਜੋ ਪਹਿਲਾਂ 221 ਸੀ। ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ‘ਰੈਡ ਲਾਈਟ ਆਨ, ਗੱਡੀ ਆਫ਼’ ਵਰਗੀਆਂ ਮੁਹਿੰਮਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਐਂਟੀ ਸਮੌਗ ਗੰਨਜ਼ ਅਤੇ ਸਵੀਪਿੰਗ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਬੀਤੇ ਦਿਨ ਵਾਤਾਵਾਰਨ ਮੰਤੀਰ ਗੋਪਾਲ ਰਾਏ ਨੇ ਦਾਅਵਾ ਕੀਤਾ ਸੀ ਇਸ ਸਾਲ ਗੁਆਂਡੀ ਸੂਬਿਆਂ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਸਾਹਮਣੇ ਆ ਰਹੇ ਹਨ, ਜਿਸ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਬਹੁਤਾ ਨਹੀਂ ਵਧੇਗਾ ਪਰ ਦਿਨੋਂ-ਦਿਨ ਵਾਤਾਵਰਨ ਖ਼ਰਾਬ ਹੁੰਦਾ ਜਾ ਰਿਹਾ ਹੈ। 29 ਤੋਂ 31 ਅਕਤੂਬਰ ਤੱਕ ਖੇਤਰ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਰਹਿਣ ਦੀ ਸੰਭਾਵਨਾ ਹੈ ਅਤੇ ਅਸਮਾਨ ’ਚ ਬੱਦਲ ਛਾਏ ਰਹਿਣਗੇ। ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਨੁਕਾਤੀ ਐਕਸ਼ਨ ਪਲਾਨ ਲਾਗੂ ਕਰਨ ਦੇ ਬਾਵਜੂਦ ਪ੍ਰਦੂਸ਼ਣ ਵਧ ਰਿਹਾ ਹੈ। ‘ਸਫਰ ਭਾਰਤ’ ਦੇ ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਯੂਨੀਵਰਸਿਟੀ ਦੇ ਆਲੇ ਦੁਆਲੇ ਹਵਾ ਦੀ ਗੁਣਵੱਤਾ ਸਵੇਰੇ 341 ਦਰਜ ਕੀਤੀ ਗਈ ਸੀ ਜਦੋਂ ਕਿ ਆਈਆਈਟੀ ਖੇਤਰ ਵਿੱਚ ਇਹ 300 ਸੀ। ਇਸੇ ਤਰ੍ਹਾਂ ਲੋਧੀ ਰੋਡ ਖੇਤਰ ਵਿੱਚ ਇਹ 262, ਮਥੁਰਾ ਰੋਡ ਖੇਤਰ ਵਿੱਚ 228, ਹਵਾਈ ਅੱਡੇ ’ਤੇ 323 ਦਰਜ ਕੀਤੀ ਗਈ। ਨੋਇਡਾ ਵਿੱਚ ਏਕਿਊਆਈ 317 ਤੇ ਗੁਰੂਗ੍ਰਾਮ ਵਿੱਚ 221 ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਗਾਜ਼ੀਆਬਾਦ ਵਿੱਚ ਵੀ ਐਤਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ 283 ਦਰਜ ਕੀਤਾ ਗਿਆ। ਇੰਦਰਾਪੁਰਮ ਵਿੱਚ 227, ਵਸੁੰਧਰਾ ਵਿੱਚ 209 ਅਤੇ ਸੰਜੈਨਗਰ ਵਿੱਚ ਇਹ 257 ਸੀ। ਇਸੇ ਤਰ੍ਹਾਂ ਫਰੀਦਾਬਾਦ ਦੇ ਸੈਕਟਰ-16ਏ ਵਿੱਚ ਏਕਿਊਆਈ 317, ਸਨਅਤੀ ਖੇਤਰ ਵਿੱਚ 355 ਜਦੋਂ ਕਿ ਸੈਕਟਰ 11 ਵਿੱਚ ਏਕਿਊਆਈ 390 ਮਾਪਿਆ ਗਿਆ। ਇਸ ਦੌਰਾਨ ਦਿੱਲੀ ਟਰਾਂਸਪੋਰਟ ਵਿਭਾਗ ਨੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਪਹਿਲੀ ਜਨਵਰੀ ਤੋਂ 22 ਅਕਤੂਬਰ ਤੱਕ 21.16 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਇਸੇ ਤਰ੍ਹਾਂ ਬੇਨਿਯਮੀਆਂ ਵਿੱਚ ਸ਼ਾਮਲ 57 ਪੀਯੂਸੀ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।