ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਬੇਹੱਦ ਖਰਾਬ ਸ਼੍ਰੇਣੀ ’ਚ ਰਹੀ। ਏਕਿਊਆਈ ਸਵੇਰੇ 422 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਲਗਾਤਾਰ ਦੂਜੇ ਦਿਨ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਭਾਰਤੀ ਮੌਸਮ ਵਿਭਾਗ ਮੁਤਾਬਕ ਸਵੇਰੇ 8:30 ਵਜੇ ਹਵਾ ਵਿੱਚ ਨਮੀ ਦਾ ਪੱਧਰ 85 ਫੀਸਦੀ ਰਿਹਾ। ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਦਿੱਲੀ ’ਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 13.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰ ਦਾ ਏਕਿਊਆਈ 422 ਦਰਜ ਕੀਤੇ ਜਾਣ ਦੇ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਿਹਾ। ਸੋਮਵਾਰ ਨੂੰ ਵੀ ਏਕਿਊਆਈ ਇਸੇ ਸ਼੍ਰੇਣੀ ਵਿੱਚ ਸੀ। ਮੌਸਮ ਵਿਭਾਗ ਨੇ ਦਿਨ ਦੌਰਾਨ ਉੱਤਰ ਅਤੇ ਉੱਤਰ-ਪੱਛਮੀ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਦਿੱਲੀ ਦੀ ਹਵਾ ਦੀ ਗੁਣਵੱਤਾ ਨਾਲ ਨਜਿੱਠਣ ਲਈ ਉਪਾਅ ਸੁਝਾਏ ਹਨ। ਹਾਲਾਂਕਿ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋ ਰਿਹਾ ਹੈ ਪਰ ਗੁਣਵੱਤਾ ਅਜੇ ਵੀ ਖਰਾਬ ਹੈ। ਦਿੱਲੀ-ਐੱਨਸੀਆਰ ਖੇਤਰ ਵਿੱਚ ਪਰਾਲੀ ਸਾੜਨ ਤੇ ਦੀਵਾਲੀ ਦੇ ਜਸ਼ਨਾਂ ਕਾਰਨ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਸੀਪੀਸੀਬੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ’ਚੋਂ ਕੁਝ ਉਪਾਵਾਂ ’ਚ ਸੜਕਾਂ ਦੀ ਮਸ਼ੀਨੀ ਸਫਾਈ ਵਧਾਉਣਾ, ਸੜਕਾਂ ’ਤੇ ਪਾਣੀ ਦਾ ਛਿੜਕਾਅ ਕਰਨਾ ਤੇ ਖੇਤਰ ਵਿੱਚ ਸਾਰੇ ਇੱਟ ਭੱਠਿਆਂ ਨੂੰ ਬੰਦ ਰੱਖਣਾ ਯਕੀਨੀ ਬਣਾਉਣਾ ਸ਼ਾਮਲ ਹੈ। ਕਿਹਾ ਗਿਆ ਕਿ ਜਨਤਕ ਟਰਾਂਸਪੋਰਟ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ। ਪ੍ਰਦੂਸ਼ਣ ਬਾਰੇ ਜਾਣਕਾਰੀ ਤੇ ਇਸ ਨੂੰ ਘਟਾਉਣ ਦੇ ਉਪਾਵਾਂ ਉਪਰ ਜ਼ੋਰ ਦਿੱਤਾ ਜਾਵੇ।
ਇੱਕ ਸਬ-ਕਮੇਟੀ ਨੇ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਦੀ ਸਥਿਤੀ, ਮੌਸਮ ਵਿਗਿਆਨ ਅਤੇ ਪ੍ਰਦੂਸ਼ਣ ਦੀ ਭਵਿੱਖਬਾਣੀ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਬੁਲਾਈ। ਪ੍ਰਦੂਸ਼ਣ ਬੋਰਡ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਉਪਰੋਕਤ ਸਬ-ਕਮੇਟੀ ਦੇ ਫੈਸਲਿਆਂ ਦੇ ਆਧਾਰ ’ਤੇ ਕਾਰਵਾਈ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ‘ਬਹੁਤ ਮਾੜੀ’ ਤੇ ‘ਮਾੜੀ ਤੋਂ ਦਰਮਿਆਨੀ’ ਸ਼੍ਰੇਣੀਆਂ ਦੀਆਂ ਕਾਰਵਾਈ ਤਹਿਤ ਸੂਚੀਬੱਧ ਕਦਮਾਂ ਤੋਂ ਇਲਾਵਾ ‘ਗੰਭੀਰ ਸ਼੍ਰੇਣੀ’ ਅਧੀਨ ਕਾਰਵਾਈਆਂ ਨੂੰ ਦਿੱਲੀ-ਐੱਨਸੀਆਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸੀਪੀਸੀਬੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਵੇਰੇ 7 ਵਜੇ ਪ੍ਰਤੀ ਘੰਟਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 422 ਸੀ। ਇਸ ਦੌਰਾਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਤੱਕ ਉੱਤਰ-ਪੱਛਮੀ ਹਵਾਵਾਂ ਵਗਣ ਦੀ ਸੰਭਾਵਨਾ ਹੈ ਜਿਸ ਨਾਲ ਪਰਾਲੀ ਦੇ ਧੂੰਏ ਦਾ ਹਿੱਸਾ ਵੱਧ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਵਿਚਕਾਰ ਉਤਰਾਅ-ਚੜ੍ਹਾਅ ਆ ਸਕਦੇ ਹਨ।
ਕੇਜਰੀਵਾਲ ਨੇ ਹਵਾ ਦੀ ਗੁਣਵੱਤਾ ’ਤੇ ਚਿੰਤਾ ਪ੍ਰਗਟਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਸ਼ਹਿਰ ਦੀ ਹਵਾ ਦੀ ਗੁਣਵੱਤਾ ’ਤੇ ਚਿੰਤਾ ਜ਼ਾਹਰ ਕੀਤੀ। ਟਵਿੱਟਰ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 404 ਹੈ ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, ‘9 ਨਵੰਬਰ ਨੂੰ, 404 (401 ਤੋਂ 500 – ਗੰਭੀਰ), ਪੀਐੱਮ10- 414 (351 ਤੋਂ 430 – ਬਹੁਤ ਮਾੜਾ) ਪੀਐੱਮ 2.5 – 265 (250 ਤੋਂ ਉੱਪਰ – ਗੰਭੀਰ)’ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ, 925 ਮਿਲੀਬਾਰ ਦੀ ਦਰ ਨਾਲ ਉੱਤਰ-ਪੱਛਮੀ ਦਿਸ਼ਾ ਤੋਂ ਆਉਣ ਵਾਲੀਆਂ ਹਵਾਵਾਂ ਪਰਾਲੀ ਨਾਲ ਸਬੰਧਤ ਪ੍ਰਦੂਸ਼ਕਾਂ ਨੂੰ ਦਿੱਲੀ ਤੱਕ ਪਹੁੰਚਾਉਣ ਲਈ ਅਨੁਕੂਲ ਹਨ।