ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਨਵੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ’ਤੇ ਪ੍ਰਭਾਤ ਫੇਰੀ ਕੱਢੀ ਗਈ। ਇਹ ਪ੍ਰਭਾਤ ਫੇਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਤੋਂ ਸ਼ੁਰੂ ਹੋ ਕੇ ਕ੍ਰਿਸ਼ਨਾ ਪਾਰਕ ਤੱਕ ਪਹੁੰਚੀ। ਇਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸਕੂਲ ਦੇ ਵਾਈਸ ਚੇਅਰਮੈਨ ਕਵਲਜੀਤ ਸਿੰਘ ਜੌਲੀ, ਪ੍ਰਿੰਸੀਪਲ ਅਤੇ ਸਾਰਾ ਸਟਾਫ਼ ਹਾਜ਼ਰ ਸੀ।
ਸ੍ਰੀ ਕਾਹਲੋਂ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਨੂੰ ਇਸ ਯਤਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਬੱਚੇ ਗੁਰਪੁਰਬ ਅਤੇ ਹੋਰ ਮੌਕੇ ’ਤੇ ਨਗਰ ਕੀਰਤਨ ਅਤੇ ਸਮਾਗਮਾਂ ਵਿੱਚ ਵੀ ਕੀਰਤਨ ਕਰਦੇ ਆ ਰਹੇ ਹਨ ਪਰ ਪ੍ਰਭਾਤ ਫੇਰੀ ਵਿੱਚ ਬੱਚਿਆਂ ਨੂੰ ਕੀਰਤਨ ਕਰਦੇ ਵੇਖਣ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਵੀ ਇਹੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਦਈਏ। ਉਨ੍ਹਾਂ ਕ੍ਰਿਸ਼ਨਾ ਪਾਰਕ ਅਤੇ ਆਸ ਪਾਸ ਦੀਆਂ ਕਲੋਨੀਆਂ ਦੀ ਸੰਗਤ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਭੇਜਿਆ। ਇਸ ਮੌਕੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਸਬੰਧੀ ਕੀਰਤਨ ਦੌਰਾਨ ਜਾਣਕਾਰੀ ਮੁਹੱਈਆ ਕਰਵਾਈ।
ਪ੍ਰਭਾਤ ਫੇਰੀ ਮੌਕੇ ਸੰਗਤ ’ਤੇ ਫੁੱਲਾਂ ਦੀ ਵਰਖਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਦੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਚਲ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਰੱਬੀ ਬਾਣੀ ਦਾ ਗੁਣਗਾਣ ਕਰਦੀ ਸੰਗਤ ਹਰਪਾਲ ਸਿੰਘ ਦੇ ਗ੍ਰਹਿ ਪੁੱਜੀ। ਪਰਿਵਾਰ ਵੱਲੋਂ ਸੰਗਤ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰੇ ਦੇ ਹਜ਼ੂਰੀ ਰਾਗੀ ਭਾਈ ਪਵਨਦੀਪ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ਼ਬਦੀ ਜਥੇ ਦੇ ਵੀਰਾਂ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਬਾਣੀ ਦਾ ਗਾਇਨ ਕੀਤਾ। ਗਿਆਨੀ ਸਾਹਿਬ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਪਰਿਵਾਰ ਵੱਲੋਂ ਸੰਗਤ ਲਈ ਬਰੈਡ ਤੇ ਦੁੱਧ ਦੇ ਲੰਗਰ ਲਾਏ ਗਏ। ਇਸ ਮੌਕੇ ਭਗਵੰਤ ਸਿੰਘ ਖਾਲਸਾ, ਕੰਵਲਜੀਤ ਸਿੰਘ, ਸੁਖਚੈਨ ਸਿੰਘ, ਕਸ਼ਮੀਰ ਸਿੰਘ, ਮਲਕਿੰਦਰ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਪਾਲ ਸਿੰਘ ਮੌਜੂਦ ਸਨ।