ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਦਿੱਲੀ ਸਰਕਾਰ ਵੱਲੋਂ ਅਨਲੌਕ-2 ਤਹਿਤ ਦਿੱਲੀ ਵਿੱਚ ਦਿੱਤੀਆਂ ਗਈਆਂ ਛੋਟਾਂ ਤਹਿਤ ਹੁਣ ਵਪਾਰੀਆਂ ਨੇ ਦੁਕਾਨਾਂ ਜਿਸਤ-ਟਾਂਕ ਯੋਜਨਾ ਤਹਿਤ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸੇ ਤਹਿਤ ਦੁਕਾਨਾਂ ਨੂੰ ਹਰੇ ਤੇ ਲਾਲ ਰੰਗਾਂ ਨਾਲ ਨਿਸ਼ਾਨਦੇਹੀ ਕਰਕੇ ਭਲਕ ਤੋਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਜਿਸਤ-ਟਾਂਕ ਯੋਜਨਾ ਤਹਿਤ ਦੁਕਾਨਾਂ ਦੇ ਸ਼ਟਰਾਂ ਉਪਰ ਲਾਲ ਤੇ ਹਰੇ ਰੰਗਾਂ ਨਾਲ ਨਿਸ਼ਾਨ ਲਾਏ ਹਨ ਜਿਸ ਤੋਂ ਪਤਾ ਲੱਗ ਸਕੇਗਾ ਕਿ ਕਿਸ ਰੰਗ ਦੀਆਂ ਦੁਕਾਨਾਂ ਇੱਕ ਦਿਨ ਤੇ ਦੂਜੇ ਰੰਗ ਦੀਆਂ ਦੁਕਾਨਾਂ ਦੂਜੇ ਦਿਨ ਖੁੱਲ੍ਹਗੀਆਂ। ਉਨ੍ਹਾਂ ਕਿਹਾ ਕਿ ਕਰੋਨਾ ਨਾ ਫੈਲੇ ਇਸੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਦਰ ਬਾਜ਼ਾਰ ਦੀਆਂ ਭੀੜੀਆਂ ਗਲੀਆਂ ਰੰਗਾਂ ਦੇ ਹਿਸਾਬ ਨਾਲ ਤੇ ਚੌੜ੍ਹੀਆਂ ਸੜਕਾਂ ਹਿੰਦਸਿਆਂ ਨਾਲ ਖੁੱਲ੍ਹਣਗੀਆਂ।