ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਅਹੁਦੇਦਾਰਾਂ ਵੱਲੋਂ ਦਿੱਲੀ ਵਿਖੇ ਇਸ ਸੰਸਥਾ ਦੀ 150ਵੀਂ ਵਰ੍ਹੇਗੰਢ ਦੇ ਸਬੰਧ ’ਚ ਮੀਟਿੰਗ ਕੀਤੀ ਗਈ ਜਿਸ ਵਿੱਚ ਦਿੱਲੀ ਦੀਆਂ ਕਈ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ। ਰਾਜੋਰੀ ਗਾਰਡਨ ਸਿੰਘ ਸਭਾ ਵਿਖੇ ਹੋਈ ਇਸ ਮੀਟਿੰਗ ਦੌਰਾਨ ਕੌਮੀ ਰਾਜਨੀਤੀ ਤੇ ਸੁਬਾਈ ਰਾਜਨੀਤੀ ਦੇ ਸੰਦਰਭ ਵਿੱਚ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਚੰਡੀਗੜ੍ਹ ਤੋਂ ਆਏ ਬੁਲਾਰਿਆਂ ਨੇ ਸਿੱਖ ਕੌਮ ਅੱਗੇ ਕੌਮੀ ਪੱਧਰ ਦੀ ਰਣਨੀਤੀ ਉਲੀਕਣ ਸਮੇਤ ਹੋਰ ਮੁੱਦੇ ਵੀ ਵਿਚਾਰੇ ਤੇ ਸ਼ਤਾਬਦੀ ਮਨਾਉਣ ਬਾਰੇ ਰਾਇ ਰੱਖੀ ਗਈ। ਬੁਲਾਰਿਆਂ ਵਿੱਚ ਪੰਜਾਬ ਤੋਂ ਗਿਆਨੀ ਕੇਵਲ ਸਿੰਘ, ਜਸਪਾਲ ਸਿੰਘ ਸਿੱਧੂ, ਪ੍ਰੋ. ਮਨਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ ਤੇ ਅਰਵਿੰਦਰ ਸਿੰਘ ਸ਼ਾਮਲ ਹੋਏ। ਦਿੱਲੀ ਤੋਂ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰੰਘ ਤੇ ਹਰਭਜਨ ਸਿੰਘ ਤੇ ਹੋਰ ਬੁਲਾਰਿਆਂ ਨੇ ਸਿੰਘ ਸਭਾ ਦੀ ਸਿੱਖਾਂ ਲਈ ਅਹਿਮੀਅਤ ਤੇ ਭਵਿੱਖ ਰਣਨੀਤੀ ਬਾਰੇ ਵਿਚਾਰ ਰੱਖੇ।