ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਯੂਨੀਵਰਸਿਟੀ ਦੇ ਮੈਤ੍ਰਈ ਕਾਲਜ ਵਿਚ ‘75ਵਾਂ: ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਪੰਜਾਬੀ ਅਤੇ ਹਿੰਦੀ ਵਿਭਾਗਾਂ ਵਲੋਂ ਸਾਂਝੇ ਤੌਰ ’ਤੇ ‘ਆਜ਼ਾਦੀ ਕੇ ਬਾਅਦ ਦੀ ਸਵਾਭਿਮਾਨੀ ਨਾਰੀ’ ਵਿਸ਼ੇ ’ਤੇ ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ’ਤੇ ਅਧਾਰਿਤ ਫਿਲਮ ‘ਗਾਂਜੇ ਕੀ ਕਲੀ’ ਦੀ ਪੇਸ਼ਕਾਰੀ ਦਿੱਤੀ ਗਈ। ਫਿਲਮ ਦੇ ਨਿਰਦੇਸ਼ਕ ਡਾ. ਯੋਗਿੰਦਰ ਚੌਬੇ ਅਤੇ ਫਿਲਮ ਸਮੀਖਿਆਕਾਰ ਡਾ. ਪ੍ਰਤਿਭਾ ਰਾਣਾ (ਸਵਾਮੀ ਸ਼ਰਧਾਨੰਦ ਕਾਲਜ) ਨੂੰ ਚਰਚਾ ਲਈ ਬੁਲਾਇਆ ਗਿਆ। ਪ੍ਰੋਗਰਾਮ ਦਾ ਆਰੰਭ ਹਿੰਦੀ ਵਿਭਾਗ ਦੀ ਵਿਦਿਆਰਥਣ ਅੰਸ਼ਿਕਾ ਵਰਮਾ ਨੇ ਇਹ ਦੱਸਦਿਆਂ ਕੀਤਾ ਕਿ ਇਹ ਫਿਲਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਹੈ।ਡਾ. ਹਰਿਤਮਾ ਚੋਪੜਾ ਨੇ ਸਵਾਗਤੀ ਸ਼ਬਦ ਕਹੇ। ਡਾ. ਹਰਮੀਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀਆਂ ਪ੍ਰਸਿੱਧ ਕਵਿਤਾਵਾਂ ਵਿੱਚੋਂ ਕੁੱਝ ਕਾਵਿ ਪੰਗਤੀਆਂ ਸੁਣਾਈਆਂ। ਇਸੇ ਤਰ੍ਹਾਂ ਵਿਦਿਆਰਥਣ ਪ੍ਰਤਿਕਸ਼ਾ ਬ੍ਰਿਜਵਾਸੀ ਨੇ ਸੁਮਿਤਰਾ ਨੰਦਨ ਪੰਤ ਦੀ ਪ੍ਰਸਿੱਧ ਰਚਨਾ ‘ਜਯ ਜਨ ਭਾਰਤ’ ਅਤੇ ਸੋਨਮ ਸ਼ਰਮਾ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਸੁਣਾਈ। ਹਿੰਦੀ ਵਿਭਾਗ ਦੀ ਡਾ. ਅਮੀਤਾ ਨੇ ਫਿਲਮ ਨਿਰਦੇਸ਼ਕ ਡਾ. ਯੋਗਿੰਦਰ ਚੌਬੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਚੌਬੇ ਨੇ ਦੱਸਿਆ ਕਿ ਉਨ੍ਹਾਂ ਨੂੰ ਯੂ-ਟਿਊਬ ’ਤੇ ਇਸ ਫਿਲਮ ਨੂੰ ਪਾਏ ਇਕ ਸਾਲ ਹੋ ਗਿਆ ਹੈ ਤੇ ਹੁਣ ਤੱਕ ਸਵਾ ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਦੀ ਲੋਕਪ੍ਰਿਯ ਲੇਖਿਕਾ ਰਹੀ ਹੈ ਇਸ ਲਈ ਉਨ੍ਹਾਂ ਨੇ ਇਸ ਕਹਾਣੀ ਦੀ ਚੋਣ ਕੀਤੀ।