ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਹਸਪਤਾਲ ਬਾਲਾ ਸਾਹਿਬ ਨੂੰ 5 ਐਂਬੂਲੈਂਸਾਂ ਭੇਟ ਕੀਤੀਆਂ ਹਨ। ਇਹ ਐਂਬੂਲੈਂਸਾਂ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪ੍ਰਾਪਤ ਕੀਤੀਆਂ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੰਪਨੀ ਵੱਲੋਂ ਬਾਲਾ ਸਾਹਿਬ ਹਸਪਤਾਲ ਜਿਥੇ ਦੇਸ਼ ਦਾ ਸਭ ਤੋਂ ਵੱਡਾ ਮੁਫਤ ਕਿਡਨੀ ਡਾਇਲਸਿਸ ਹਸਪਤਾਲ ਚਲਾਇਆ ਜਾ ਰਿਹਾ ਹੈ, ਲਈ ਇਹ ਐਂਬੂਲੈਂਸਾਂ ਭੇਂਟ ਕਰਨ ’ਤੇ ਕੰਪਨੀ ਦਾ ਧੰਨਵਾਦ ਕੀਤਾ। ਸ੍ਰੀ ਕਾਲਕਾ ਨੇ ਕਿਹਾ ਕਿ ਸੁਜ਼ੂਕੀ ਕੰਪਨੀ ਦੇ ਐਮਪੀ ਰਾਓ ਵਾਈਸ ਪ੍ਰੈਜ਼ੀਡੈਂਟ ਸ਼ਿਖਾ ਓਬਰਾਏ, ਨਵਾਸਿਸ ਹਾਂਡਾ, ਸੰਜੀਵ ਸ਼ਰਮਾ ਅਤੇ ਦਿਵਾਕਰ ਗਾਂਧੀ ਵੱਲੋਂ ਖੁਦ ਮੌਕੇ ’ਤੇ ਇਹ ਐਂਬੂਲੈਂਸਾਂ ਹਵਾਲੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਕਰੋਨਾ ਮਹਾਮਾਰੀ ਨੂੰ ਵੇਖਦਿਆਂ ਫੈਸਲਾ ਕੀਤਾ ਕਿ ਐਂਤਕੀ ਮੈਡੀਕਲ ਸਹੂਲਤਾਂ ਦੇ ਮਾਮਲੇ ਵਿਚ ਸੇਵਾ ਕਰਨੀ ਹੈ ਤੇ ਇਨ੍ਹਾਂ ਨੇ ਬਾਲਾ ਸਾਹਿਬ ਹਸਪਤਾਲ ਲਈ ਇਹ ਐਂਬੂਲੈਂਸਾਂ ਭੇਟ ਕੀਤੀਆਂ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕੁੱਲ 18 ਐਂਬੂਲੈਂਸਾਂ ਹਸਪਤਾਲਾਂ ਨੂੰ ਦਾਨ ਕਰਨੀਆਂ ਹਨ ਜਿਸ ਵਿੱਚੋਂ 5 ਬਾਲਾ ਸਾਹਿਬ ਹਸਪਤਾਲ ਲਈ ਦਿੱਤੀਆਂ ਹਨ।