ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਮਾਰਚ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਪੁਰਾਣੀ ਦਿੱਲੀ ਵਿੱਚ ਜਾਮਾ ਮਸਜਿਦ ਦੇ ਨੇੜੇ ਇਕ ਨਵੇਂ ‘ਹੈਰੀਟੇਜ ਪਾਰਕ’ ਦਾ ਉਦਘਾਟਨ ਕੀਤਾ। ਪਾਰਕ ਵਿੱਚ ਮੁਗਲ ਸ਼ੈਲੀ ਦੀ ਇਕ ਬਾਰਾਦਰੀ ਹੈ ਅਤੇ ਇੱਥੇ ਵੱਖ-ਵੱਖ ਫੁੱਲਾਂ ਦੀ ਭਰਪੂਰ ਬਹਾਰ ਹੈ। ਜਾਣਕਾਰੀ ਮੁਤਾਬਿਕ ਅੱਜ ਰੰਗਾਰੰਗ ਪ੍ਰੋਗਰਾਮ ਦੌਰਾਨ ਪਾਰਕ ਨੂੰ ਲੋਕਾਂ ਲਈ ਖੋਲ੍ਹਿਆ ਗਿਆ। ਇਸ ਦੌਰਾਨ ਰਾਸ਼ਟਰਪਤੀ ਕੋਵਿੰਦ ਨੇ ਤਖਤੀ ਤੋਂ ਪਰਦਾ ਹਟਾ ਕੇ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਬਾਗ ਦਾ ਸੰਖੇਪ ਦੌਰਾ ਵੀ ਕੀਤਾ। ਇਸ ਮੌਕੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਮੁੱਖ ਸਕੱਤਰ ਵਿਜੈ ਦੇਵ ਅਤੇ ਭਾਜਪਾ ਸ਼ਾਸਿਤ ਤਿੰਨੋਂ ਨਗਰ ਨਿਗਮਾਂ ਦੇ ਮੇਅਰ ਵੀ ਹਾਜ਼ਰ ਸਨ। ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 7.65 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਲਗਪਗ 1.75 ਏਕੜ ਦੇ ਖੇਤਰ ਨੂੰ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪਲਾਟ ਪਹਿਲਾਂ ਗੰਦਗੀ ਨਾਲ ਭਰਿਆ ਹੋਇਆ ਸੀ ਤੇ ਸ਼ਰਾਰਤੀ ਤੱਤ ਇਸ ਥਾਂ ਦੀ ਵਰਤੋਂ ਕਰਦੇ ਸਨ। ਕਈ ਮਹੀਨਿਆਂ ਦੀ ਮਿਹਤਨ ਮਗਰੋਂ ਚੰਗੀ ਯੋਜਨਾ ਤਹਿਤ ਇਸ ਜਗ੍ਹਾ ਨੂੰ ਸੁੰਦਰ ਪਾਰਕ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਾਰਕ ਦੀ ਉਸਾਰੀ ਉੱਤਰੀ ਦਿੱਲੀ ਨਗਰ ਨਿਗਮ ਦੇ ਫੰਡਾਂ ਅਤੇ ਵੱਖ-ਵੱਖ ਸੰਸਦ ਮੈਂਬਰਾਂ ਦੇ ਚੰਦੇ ਨਾਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਾਰਕ ਵਿੱਚ ਮੁੱਖ ਖਿੱਚ ਦਾ ਕੇਂਦਰ ਸਫੈਦ ਸੰਗਮਰਮਰ ਤੋਂ ਬਣੀ ਇਕ ਬਾਰਾਦਰੀ ਹੈ, ਜਦਕਿ ਬਲੂਆ ਪੱਥਰ, ਸਫੈਦ ਸੰਗਮਰਮਰ ਤੇ ਧੌਲਪੁਰ ਪੱਥਰਾਂ ਦੀ ਵਰਤੋਂ ਵੀ ਇਸ ਦੇ ਨਿਰਮਾਣ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਰਕ ਵਿੱਚ ਮੁਗਲ ਸ਼ੈਲੀ ਦੀ ਛੱਤਰੀ, ਪੱਥਰ ਦੀ ਰੇਲਿੰਗ ਅਤੇ ਲੈਂਪ ਪੋਸਟ, ਲਾਲ ਕਿਲ੍ਹੇ ਦਾ ਪੁਰਾਤਨ ਨਕਸ਼ਾ ਤੇ ਗੁਸਲਖਾਨਿਆਂ ਆਦਿ ਦੀ ਸਹੂਲਤ ਹੈ। ਪਾਰਕ ਦਾ ਨਕਸ਼ਾ ਤਿਆਰ ਕਰਨ ਵਾਲੇ ਕਪਿਲ ਅਗਰਵਾਲ ਨੇ ਦੱਸਿਆ ਕਿ ਇੱਥੇ ਇਕ ‘ਫੂਡ ਕੋਰਟ’ ਖੇਤਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ।