ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਾਰਚ
ਰਾਜਧਾਨੀ ਵਿੱਚ 24 ਘੰਟਿਆਂ ਵਿੱਚ ਦੂਜਾ ਮੁਕਾਬਲਾ ਹੋਇਆ। ਵੀਰਵਾਰ ਨੂੰ ਜੀਟੀਬੀ ਹਸਪਤਾਲ ਦੇ ਕੈਂਪਸ ’ਚ ਦਿਨ ਦਿਹਾੜੇ ਪੁਲੀਸ ਤੇ ਲੁਟੇਰਿਆਂ ਵਿਚਕਾਰ ਗੋਲੀਆਂ ਚੱਲੀਆਂ । ਇਸ ਦੌਰਾਨ ਲੁਟੇਰੇ ਕੈਦੀ ਨੂੰ ਭਜਾ ਕੇ ਲੈ ਗਏ। ਦਿੱਲੀ ਪੁਲੀਸ ਦੀ ਪੂਰਬੀ ਰੇਂਜ ਦੇ ਸੰਯੁਕਤ ਸੀਪੀ ਨੇ ਦੱਸਿਆ ਕਿ ਕੈਦੀ ਕੁਲਦੀਪ ਫੱਜਾ ਨੂੰ ਡਾਕਟਰੀ ਇਲਾਜ ਲਈ ਜੀਟੀਬੀ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲਾਂ ਦੇ ਕੈਂਪਸ ’ਚ ਪੰਜ ਵਿਅਕਤੀਆਂ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਼ਕਰ ਦਿੱਤੀ। ਗੋਲੀਬਾਰੀ ਦੌਰਾਨ ਇੱਕ ਲੁਟੇਰਾ ਮਾਰਿਆ ਗਿਆ ਤੇ ਇੱਕ ਹੋਰ ਜਵਾਬੀ ਕਾਰਵਾਈ ’ਚ ਜ਼ਖਮੀ ਹੋ ਗਿਆ। ਹਾਲਾਂਕਿ ਕੈਦੀ ਫੱਜਾ ਆਪਣੇ ਸਾਥੀਆਂ ਨਾਲ ਭੱਜਣ ’ਚ ਸਫਲ ਹੋ ਗਿਆ। ਜਾਣਕਾਰੀ ਅਨੁਸਾਰ ਕੈਦੀ ਫੱਜਾ ਗੈਂਗਸਟਰ ਜਤਿੰਦਰ ਗੋਗੀ ਗੈਂਗ ਦਾ ਮੈਂਬਰ ਹੈ। ਉਸ ’ਤੇ ਕਤਲ ਤੇ ਹੋਰ ਕਈ ਗੰਭੀਰ ਕੇਸਾਂ ਵਰਗੇ 70 ਤੋਂ ਵੱਧ ਕੇਸ ਹਨ। ਐਸਐਸਆਈ ਬ੍ਰਹਮਪਾਲ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਫੱਜਾ ਨੂੰ ਜੀਟੀਵੀ ਹਸਪਤਾਲ ਲਿਆਂਦਾ। ਕ੍ਰਾਈਮ ਬ੍ਰਾਂਚ ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਵਿੱਚ ਜ਼ਖਮੀ ਹੋਏ ਦੀ ਪਛਾਣ ਆਕੇਸ਼ ਮੁੰਡਕਾ ਨਿਵਾਸੀ ਵਜੋਂ ਹੋਈ ਹੈ, ਜਿਸ ’ਤੇ ਦੋ ਕਤਲ ਤੇ ਇਕ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਮ੍ਰਿਤਕ ਲੁਟੇਰਾ ਰਵੀ ਬੇਗਮਪੁਰ ਦਾ ਵਸਨੀਕ ਹੈ ਜਿਸ ਉੱਤੇ ਕਤਲ ਦੇ ਕਈ ਕੇਸ ਦਰਜ ਹਨ।