ਕੁਲਦੀਪ ਸਿੰਘ
ਨਵੀਂ ਦਿੱਲੀ, 10 ਮਾਰਚ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਉੱਘੇ ਵਿਦਵਾਨ ਤੇ ਸੰਸਥਾਵਾਂ ਦੇ ਸਿਰਜਕ ਪ੍ਰੋ. ਹਰਬੰਸ ਸਿੰਘ ਦੀ ਜਨਮ-ਸ਼ਤਾਬਦੀ ’ਤੇ ਭਾਸ਼ਨ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਹਰਬੰਸ ਸਿੰਘ ਡਿਪਾਰਟਮੈਂਟ ਆਫ਼ ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਅਤੇ ਡਿਪਾਰਟਮੈਂਟ ਆਫ਼ ਗਲੋਬਲ ਸਟਡੀਜ਼, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸਾਂਤਾ ਬਾਰਬਰਾ ਦੇ ਪ੍ਰੋ. ਮਾਰਕ ਜਰਗਨਜ਼ਮੇਅਰ ਨੇ ਵਿਚਾਰ ਸਾਂਝੇ ਕੀਤੇ। ਇਸ ਦੀ ਪ੍ਰਧਾਨਗੀ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਕੀਤੀ। ਆਰੰਭ ’ਚ ਪ੍ਰੋਗਰਾਮ ਦਾ ਸੰਚਾਲਕ ਤੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ-ਆਇਆਂ ਕਹਿੰਦਿਆਂ ਵਕਤਿਆਂ ਨਾਲ ਜਾਣ ਪਛਾਣ ਕਰਵਾਈ।
ਇਸ ਦੌਰਾਨ ਉਨ੍ਹਾਂ ਪੀ.ਪੀ.ਟੀ ਰਾਹੀਂ ਪ੍ਰੋ. ਹਰਬੰਸ ਸਿੰਘ ਨੂੰ ਆਪਣੇ ਸਮੇਂ ਦੀ ਅਜਿਹੀ ਸ਼ਖ਼ਸੀਅਤ ਦੱਸਿਆ ਜੋ ਇਕ ਉੱਘੇ ਵਿਦਵਾਨ, ਇਕ ਵਿਲੱਖਣ ਅਧਿਆਪਕ ਹੋਣ ਦੇ ਨਾਲ ਪ੍ਰਬੰਧ ਕੁਸ਼ਲਤਾ ਪੱਖੋਂ ਵੀ ਮਾਹਿਰ ਸਨ। ਭਾਸ਼ਾ ਤੇ ਆਧਾਰਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਇਮੀ ਤੋਂ ਇਲਾਵਾ ਸਿੱਖ ਵਿਸ਼ਵ ਕੋਸ਼ ਦਾ ਨਿਰਮਾਣ ਉਨ੍ਹਾਂ ਦੀ ਪ੍ਰਮੁੱਖ ਪ੍ਰਾਪਤੀਆਂ ਹਨ। ਉਪਰੰਤ ਡਾ. ਪਰਮਵੀਰ ਸਿੰਘ ਨੇ ਪ੍ਰੋ. ਹਰਬੰਸ ਸਿੰਘ ਨੂੰ ਮਿਹਨਤ, ਸਮਰਪਨ, ਆਸਥਾ ਅਤੇ ਵਿਦਵਤਾ ਦੀ ਅਜਿਹੀ ਮੂਰਤ ਕਿਹਾ ਜਿਨ੍ਹਾਂ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ ਹੈ।
ਪ੍ਰੋ. ਮਾਰਕ ਜਰਗਨਜ਼ ਮੇਅਰ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋ. ਹਰਬੰਸ ਸਿੰਘ ਨਾਲ ਮੇਲ ਉਨ੍ਹਾਂ ਦੇ ਬੱਚਿਆਂ ਰਾਹੀਂ ਹੋਇਆ। ਉਨ੍ਹਾਂ ਅਨੁਸਾਰ ਉਹ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਲਗਨ ਨਾਲ ਆਪਣੇ ਨਿਸ਼ਾਨਿਆਂ ਨੂੰ ਹਾਸਲ ਕਰਦਿਆਂ 19ਵੀਂ ਸਦੀ ’ਚ ਸਿੱਖ ਇਤਿਹਾਸ ਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਪ੍ਰੋ. ਹਰਬੰਸ ਸਿੰਘ ਬਾਰੇ ਚਰਚਾ ਨੂੰ ਅੱਜ ਦੇ ਵਿਦਿਆਥੀਆਂ ਲਈ ਮਹੱਤਵਪੂਰਨ ਦੱਸਦਿਆਂ ਵਕਤਿਆਂ ’ਤੇ ਸਰੋਤਿਆਂ ਦਾ ਧੰਨਵਾਦ ਕੀਤਾ।