ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਗਠਨ ਵੇਲੇ 22 ਜਨਵਰੀ ਨੂੰ ਦਿੱਲੀ ਪੁਲੀਸ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਾਖ਼ਲ ਹੋਣ ਅਤੇ ਦਿੱਲੀ ਕਮੇਟੀ ਅਧੀਨ ਚੱਲਦੇ 13 ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਬਾਰੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਗੁਰਦੁਆਰਾ ਰਕਾਬ ਗੰਜ ਤੋਂ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਤੱਕ ਪ੍ਰਦਰਸ਼ਨ ਕੀਤਾ ਗਿਆ। ਆਲ ਇੰਡੀਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਜਾਗੋ ਵੱਲੋਂ ਕੱਢੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਾਬਕਾ ਵਿਦਿਆਰਥੀ ਵੀ ਸ਼ਾਮਲ ਹੋਏ।
ਆਲ ਇੰਡੀਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ (ਮੈਂਬਰ ਦਿੱਲੀ ਕਮੇਟੀ) ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੂੰ ਬਾਦਲ ਧੜੇ ਦੇ 30 ਮੈਂਬਰਾਂ ਨੇ ਪੱਤਰ ਲਿਖ ਕੇ ਦਿੱਤਾ ਜਿਸ ਮਗਰੋਂ ਅਧਿਕਾਰੀਆਂ ਨੇ ਪੁਲੀਸ ਨੂੰ ਗੁਰਦੁਆਰਾ ਰਕਾਬ ਗੰਜ ਵਿੱਚ ਬੁਲਾਇਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੁਲੀਸ ਦਾਖ਼ਲ ਹੋਈ। ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਅਜਿਹਾ ਮੌਕਾ ਆਇਆ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ।
ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਇਸ ਰੋਸ ਮਾਰਚ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬੇਅਦਬੀ, ਸ਼ਰਮ ਕਰੋ, ਸ਼ਰਮ ਕਰੋ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਰੋਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਸਣੇ ਤਿੰਨਾਂ ਧਿਰਾਂ ਦੇ ਕਾਰਕੁਨ ਸ਼ਾਮਲ ਹੋਏ।
ਸਰਨਾ ਤੇ ਜੀਕੇ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨ: ਕਾਲਕਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬਿਆਨ ’ਚ ਸੰਗਤ ਦੇ ਫ਼ੈਸਲੇ ਦਾ ਸਨਮਾਨ ਨਾ ਕਰਨ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਚੋਣ ਦਿੱਲੀ ਗੁਰਦੁਆਰਾ ਡਾਇਰੈਕਟਰ ਦੇ ਅਧਿਕਾਰੀ ਦੀ ਮੌਜੂਦਗੀ ’ਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਆਯੋਜਿਤ ਕੀਤੀ ਗਈ ਸੀ। ਕਾਲਕਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਨਾ ਤੇ ਜੀਕੇ ਆਪਣੇ ਪੱਖ ’ਚ ਵੋਟ ਭੁਗਤਾਉਣ ਲਈ ਮੈਂਬਰਾਂ ਦੀ ਖ਼ਰੀਦੋ-ਫ਼ਰੋਖਤ ’ਚ ਸ਼ਾਮਲ ਸਨ ਪਰ ਉਨ੍ਹਾਂ ਦਾ ਇਹ ਮਕਸਦ ਸੰਭਵ ਨਹੀਂ ਹੋ ਸਕਿਆ। ਆਪਣੀ ਹਾਰ ਨੂੰ ਦੇਖ ਕੇ ਸਰਨਾ ਭਰਾਵਾਂ ਨੇ ਬੈਲਟ ਬਾਕਸ ’ਤੇ ਕਬਜ਼ਾ ਕਰ ਲਿਆ ਤੇ ਹੋਰ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ। 11 ਘੰਟੇ ਤੋਂ ਵੱਧ ਸਮੇਂ ਤਕ ਵੋਟਿੰਗ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਖਿਆ। ਕਾਲਕਾ ਨੇ ਅੱਗੇ ਕਿਹਾ ਕਿ ਸਰਨਾ-ਜੀਕੇ ਨੂੰ ਆਪਣੀ ਹਾਰ ਸਵੀਕਾਰ ਕਰ ਦਿੱਲੀ ਦੀ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੈ ਇਸ ਲਈ ਦਿਖਾਵਾ ਕਰਨ ਨਾਲ ਸਰਨਾ-ਜੀਕੇ ਨੂੰ ਕੋਈ ਮਦਦ ਨਹੀਂ ਹੋਵੇਗੀ। ਚੋਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੇ ਬਹਾਨੇ ਉਹ ਸੰਗਤ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਉਹ ਅਸਲੀ ਅਰਾਜਕਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹਨ।