ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 29 ਜੂਨ
ਜੰਮੂ-ਕਸ਼ਮੀਰ ਵਿੱਚ ਦੋ ਸਿੱਖ ਲੜਕੀਆਂ ਨੂੰ ਅਗਵਾ ਕਰ ਜਬਰੀ ਧਰਮ ਪਰਿਵਰਤਨ ਕਰਨ ਦੀ ਘਟਨਾ ਕਾਰਨ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਭਾਰੀ ਰੋਸ ਹੈ। ਅੱਜ ਇਥੋਂ ਦੀ ਸਿੱਖ ਸੰਗਤ ਨੇ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਰਾਹੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਕਿ ਇਸ ਕੇਸ ਦੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਅਤੇ ਸੂਬਾਈ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਦੀ ਪ੍ਰਧਾਨਗੀ ਹੇਠ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਸਿੱਖ ਕੌਮ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਕਸ਼ਮੀਰ ਵਿੱਚ 2 ਸਿੱਖ ਲੜਕੀਆਂ ‘ਤੇ ਹੋ ਰਹੇ ਜ਼ੁਲਮ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਕਵਲਜੀਤ ਸਿੰਘ ਅਜਰਾਣਾ ਨੇ ਕਿਹਾ ਕਿ ਸ੍ਰੀਨਗਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਇਸ ਦੇ ਬਾਵਜੂਦ ਉਥੇ ਅਜਿਹੀ ਘਟਨਾ ਵਾਪਰੀ ਹੈ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਸੂਰਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਸਜ਼ਾ ਨਾ ਦਿੱਤੀ ਗਈ ਤਾਂ ਸਿੱਖ ਸਮਾਜ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵੇਗਾ। ਸ੍ਰੀ ਅਕਾਲ ਉਸਤਤ ਚੈਰੀਟੇਬਲ ਟਰੱਸਟ ਕੁਰੂਕਸ਼ੇਤਰ ਦੇ ਚੇਅਰਮੈਨ ਅਤੇ ਅੰਤਰਰਾਸ਼ਟਰੀ ਗੁਰਬਾਣੀ ਕਥਾਵਾਚਕ ਗਿਆਨੀ ਤੇਜਪਾਲ ਸਿੰਘ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਅਤੇ ਗੁਰਬਾਣੀ ਕਥਾਵਾਚਕ ਭਾਈ ਮੰਗਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰ ਪਾਲ ਸਿੰਘ ਢਿੱਲੋਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਹਬਾਦ ਦੇ ਸਾਬਕਾ ਮੈਂਬਰ ਜਰਨੈਲ ਸਿੰਘ ਅਜਰਾਣਾ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੇ ਮੈਨੇਜਰ ਅਮਰਿੰਦਰ ਸਿੰਘ ਧਨੌੜੀ, ਸਾਬਕਾ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਅਤੇ ਅਜੀਤ ਸਿੰਘ ਸਮੇਤ ਸੰਗਤ ਹਾਜ਼ਰ ਸੀ।