ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਦਿੱਲੀ ਦੇ ਨਾਲ ਲੱਗਦੇ ਸਨਅਤੀ ਸ਼ਹਿਰ ਨੋਇਡਾ ਦੀ ਪੁਲੀਸ ਵੱਲੋਂ ਹਫ਼ਤਾਵਾਰੀ ਬਾਜ਼ਾਰ ਬੰਦ ਕਰਨ ਤੋਂ ਗ਼ਰੀਬ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ। ਇਸ ਮੌਕੇ ਸਟਰੀਟ ਵੈਂਡਰ ਵਰਕਰਜ਼ ਯੂਨੀਅਨ ਨੋਇਡਾ ਦੇ ਜਨਰਲ ਸਕੱਤਰ ਤੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੰਗੇਸ਼ਵਰ ਦੱਤ ਸ਼ਰਮਾ ਨੇ ਦੋਸ਼ ਲਾਇਆ ਕਿ ਨੋਇਡਾ ਪੁਲੀਸ ਵਾਲਿਆਂ ਨੇ 28 ਸਤੰਬਰ ਨੂੰ ਸਾਲਾਂ ਤੋਂ ਚੱਲ ਰਿਹਾ ਹਫ਼ਤਾਵਾਰੀ ਬਾਜ਼ਾਰ ਜਬਰਦਸਤੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਵਿਰੋਧ ਕੀਤਾ, ਉਨ੍ਹਾਂ ਨਾਲ ਕਥਿਤ ਬਦਸਲੂਕੀ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਜ਼ਾਰ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਬਹੁਤ ਮਾਲੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇੱਥੇ ਮਾਰਕੀਟ ਸਥਾਪਤ ਕੀਤੀ ਗਈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜ ਭੇਜ ਦਿੱਤਾ ਜਾਵੇਗਾ।
ਇਸ ਤਰ੍ਹਾਂ ਗਲੀ ਵਿਕਰੇਤਾਵਾਂ ਨੂੰ ਰੁਜ਼ਗਾਰ ਕਰਨ ਤੋਂ ਰੋਕਣਾ ਸੰਵਿਧਾਨਕ ਅਧਿਕਾਰਾਂ ਅਤੇ ਗਲੀ ਵਿਕਰੇਤਾ ਐਕਟ 2014 ਅਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਖੁੱਲ੍ਹੀ ਉਲੰਘਣਾ ਹੈ। ਸਟਰੀਟ ਵੈਂਡਰ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਤੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਗੰਗੇਸ਼ਵਰ ਦੱਤ ਸ਼ਰਮਾ ਨੇ ਦੱਸਿਆ ਕਿ ਸੈਕਟਰ 48 ਪਾਰਕ ਵਿੱਚ ਮੀਟਿੰਗ ਕਰਦਿਆਂ ਇਹ ਫ਼ੈਸਲਾ ਕੀਤਾ ਗਿਆ ਕਿ 5 ਅਕਤੂਬਰ ਨੂੰ ਦੁਪਹਿਰ 12:00 ਵਜੇ, ਨੋਇਡਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ, ਸੈਕਟਰ 6 ਨੋਇਡਾ, ਸਥਾਨਕ ਪੁਲੀਸ ਦੀ ਇਸ ਕਥਿਤ ਗਲਤ ਕਾਰਜ ਪ੍ਰਣਾਲੀ ਦਾ ਵਿਰੋਧ ਕਰੇਗੀ। ਇਸ ਮੌਕੇ ਮੀਟਿੰਗ ਵਿੱਚ ਮੁੱਖ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦੇਣ ਦਾ ਫ਼ੈਸਲਾ ਲਿਆ ਗਿਆ।