ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨਾਂ ਵਿੱਚ ਦਿੱਲੀ ਦੇ ਅੰਦਰ ਕਰੋਨਾ ਕੇਸ ਵਿੱਚ ਹੋਏ ਮਾਮੂਲੀ ਵਾਧੇ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਸਤਿੰਦਰ ਜੈਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਅੱਜ ਇੱਕ ਸਮੀਖਿਆ ਮੀਟਿੰਗ ਕੀਤੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਮਾਮਲੇ ਵਿਚ ਮਾਮੂਲੀ ਵਾਧਾ ਹੋਇਆ ਹੈ, ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਦਿੱਲੀ ਸਰਕਾਰ ਕਰੋਨਾ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਸਾਰੇ ਜ਼ਰੂਰੀ ਕਦਮ ਉਠਾ ਰਹੀ ਹੈ। ਦਿੱਲੀ ਵਿਚ 40 ਹਜ਼ਾਰ ਦੀ ਬਜਾਏ 1.25 ਲੱਖ ਲੋਕਾਂ ਨੂੰ ਹਰ ਰੋਜ਼ ਟੀਕਾ ਲਗਾਇਆ ਜਾਵੇਗਾ। ਨਾਲ ਹੀ ਟੀਕਾਕਰਨ ਕੇਂਦਰਾਂ ਨੂੰ 500 ਤੋਂ ਵਧਾ ਕੇ 1 ਹਜ਼ਾਰ ਕੀਤਾ ਜਾਵੇਗਾ। ਸਰਕਾਰੀ ਕੇਂਦਰਾਂ ਵਿੱਚ ਸਵੇਰੇ 9 ਤੋਂ ਰਾਤ 9 ਵਜੇ ਤੱਕ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰਾਂ ਨੂੰ ਜੰਗੀ ਪੱਧਰ ’ਤੇ ਟੀਕਾਕਰਨ ਕਰਨ ਦੀ ਆਗਿਆ ਦੇਣ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾ ਲਗਵਾਉਣ ਤੋਂ ਹਿਚਕਿਚਾਉਣ ਨਾ। ਇਸੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਤਿੰਦਰ ਜੈਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਿਹਤ ਜਾਣਕਾਰੀ ਪ੍ਰਬੰਧਨ ਪ੍ਰਣਾਲੀ (ਹਿਮਜ਼) ਪ੍ਰਾਜੈਕਟ ਦੀ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ‘ਹਿਮਜ਼’ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਵਿਚਾਰ ਕੀਤੇ ਗਏ, ਨਾਲ ਹੀ ਹੋਰ ਪ੍ਰਾਜੈਕਟਾਂ ਜਿਵੇਂ ਈ-ਸਿਹਤ ਕਾਰਡ ਜਾਰੀ ਕਰਨਾ ਤੇ ਸਿਹਤ ਹੈਲਪਲਾਈਨਜ਼ ਸ਼ੁਰੂ ਕਰਨਾ ਵੀ ਵਿਚਾਰਿਆ ਗਿਆ। ਪ੍ਰਾਜੈਕਟ ਦੇ ਵੱਖ ਵੱਖ ਪੜਾਵਾਂ ਤੋਂ ਜਾਣੂ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਪ੍ਰਾਜੈਕਟ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਪਹਿਲ ਹੈ। ਮਰੀਜ਼ਾਂ ਦੀਆਂ ਸਾਰੀਆਂ ਦੇਖਭਾਲ ਸੇਵਾਵਾਂ, ਹਸਪਤਾਲ ਪ੍ਰਸ਼ਾਸਨ, ਬਜਟ ਤੇ ਯੋਜਨਾਬੰਦੀ, ਸਪਲਾਈ ਚੇਨ ਮੈਨੇਜਮੈਂਟ, ਬੈਕਐਂਡ ਸੇਵਾਵਾਂ ਤੇ ਪ੍ਰਕਿਰਿਆਵਾਂ ਨੂੰ ਇਸ ਪ੍ਰਣਾਲੀ ਦੇ ਅਧੀਨ ਲਿਆਂਦਾ ਜਾਵੇਗਾ। ਇਹ ਲੋਕਾਂ ਨੂੰ ਇਕੋ ਜਗ੍ਹਾ ’ਤੇ ਸਾਰੀ ਜਾਣਕਾਰੀ ਦੇਣ ਦੇ ਯੋਗ ਬਣਾਏਗਾ ਜੋ ਐਮਰਜੈਂਸੀ ਦੇ ਮਾਮਲਿਆਂ ਵਿਚ ਉਨ੍ਹਾਂ ਦੀ ਮਦਦ ਕਰੇਗੀ। ਇਸ ਨਾਲ ਕਲਾਊਡ-ਅਧਾਰਤ ਸਿਹਤ ਪ੍ਰਬੰਧਨ ਪ੍ਰਣਾਲੀ ਵਾਲਾ ਇਕਲੌਤਾ ਸੂਬਾ ਬਣ ਜਾਵੇਗਾ, ਭਵਿੱਖ ਵਿੱਚ ਇਹ ਸਹੂਲਤ ਨਿੱਜੀ ਹਸਪਤਾਲਾਂ ਨੂੰ ਵੀ ਮੁਹੱਈਆ ਕਰਵਾਈ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਾਲ-ਨਾਲ ਸਾਨੂੰ ਟੈਂਡਰ ਤੇ ਪ੍ਰਸਤਾਵਾਂ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਪ੍ਰਾਜੈਕਟ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇ।