ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਾਹਨੀ ਨੇ ਅੱਜ ਇੱਥੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਟਿਕਾਊ ਪ੍ਰਬੰਧਨ ਲਈ ਸੂਬੇ ਨੂੰ ਤੁਰੰਤ ਅਟਲ ਭੂਜਲ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਂਦਰੀ ਪੂਲ ਵਿੱਚ 47 ਫ਼ੀਸਦੀ ਕਣਕ ਅਤੇ 21 ਫ਼ੀਸਦੀ ਚੌਲਾਂ ਦਾ ਯੋਗਦਾਨ ਪਾਉਂਦਾ ਹੈ, ਇਸ ਲਈ ਇਹ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਵਿੱਚੋਂ ਵਾਧੂ ਪਾਣੀ ਕੱਢ ਰਿਹਾ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਪੰਜਾਬ ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ।
ਜਲ ਸ਼ਕਤੀ ਮੰਤਰੀ ਨੇ ਸਦਨ ਨੂੰ ਕਿਹਾ ਕਿ ਜੇ ਪੰਜਾਬ ਨੇ ਅਟਲ ਭੂਜਲ ਯੋਜਨਾ ਦੇ ਮਾਪਦੰਡ ਪੂਰੇ ਨਹੀਂ ਕੀਤੇ ਹਨ ਤਾਂ ਰਾਜ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਡਾ. ਸਾਹਨੀ ਨੇ ਸਦਨ ਦੇ ਫਲੋਰ ’ਤੇ ਗਾਰੰਟੀ ਦਿੱਤੀ ਕਿ ਪੰਜਾਬ ਨੇ ਯੋਜਨਾ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਹੈ ਅਤੇ ਇੱਥੋਂ ਤੱਕ ਕਿ ਸਿੰਜਾਈ ਪਾੜੇ ਨੂੰ ਪੂਰਾ ਕਰਨ ਲਈ ਪ੍ਰੋਤਸਾਹਨ ਯੋਜਨਾ ਕੇਂਦਰ ਸਰਕਾਰ ਦੁਆਰਾ ਸ਼ੁਰੂ ਕਰਨ ਲਈ ਲੰਬਿਤ ਹੈ, ਜੋ ਪੰਜਾਬ ਨੂੰ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਵਰਤੋਂ 164 ਫੀਸਦੀ ਹੈ ਅਤੇ 2039 ਤੱਕ ਇਸ ਦਾ ਪੱਧਰ 1000 ਫੁੱਟ ਤੋਂ ਹੇਠਾਂ ਜਾ ਸਕਦਾ ਹੈ। ਉਨ੍ਹਾਂ ਨੇ ਜ਼ਮੀਨੀ ਪਾਣੀ ਨੂੰ ਨਕਲੀ ਤੌਰ ’ਤੇ ਰਿਚਾਰਜ ਕਰਨ ਲਈ ਮਾਸਟਰ ਪਲਾਨ 2020 ਨੂੰ ਲਾਗੂ ਕਰਨ ਵਿੱਚ ਹੋ ਰਹੀ ਦੇਰੀ ’ਤੇ ਵੀ ਚਿੰਤਾ ਜ਼ਾਹਿਰ ਕੀਤੀ।