ਪੱਤਰ ਪ੍ਰ੍ਰੇਕ
ਨਵੀਂ ਦਿੱਲੀ, 30 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਹਰਿਭਜਨ ਸਿੰਘ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਕਿਹਾ ਕਿ ਹਰਿਭਜਨ ਸਿੰਘ ਨੂੰ ਯਾਦ ਕਰਨਾ ਕੇਵਲ ਉਨ੍ਹਾਂ ਦੇ ਵੱਡੇਪਣ ਨੂੰ ਯਾਦ ਕਰਨਾ ਨਹੀਂ ਹੈ ਸਗੋਂ ਆਪਣੇ ਆਪ ਨੂੰ ਉਨ੍ਹਾਂ ਦੇ ਰਾਹਾਂ ’ਤੇ ਤੁਰਨ ਲਈ ਉਰਜਿਤ ਕਰਨਾ ਵੀ ਹੈ। ਸਾਹਿਤ ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸਰਾਓ ਨੇ ਹਰਿਭਜਨ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ।
ਸੁਰਜੀਤ ਪਾਤਰ ਨੇੇ ਕਿਹਾ ਕਿ ਹਰਿਭਜਨ ਸਿੰਘ ਲੰਮੇ ਸੰਘਰਸ਼ ’ਚੋਂ ਨਿਕਲੇ। ਉਹ ਕਵੀ, ਸਮੀਖਿਅਕ, ਸੰਗੀਤਕਾਰ ਤੇ ਵੱਡੇ ਬੁਲਾਰੇ ਸਨ। ਪੰਜਾਬ ਪ੍ਰੇਮ ਸਬੰਧੀ ਉਨ੍ਹਾਂ ਵੱਖ-ਵੱਖ ਸਮੇਂ ਕਈ ਰਚਨਾਵਾਂ ਲਿਖੀਆਂ, ਜੋ ਪੰਜਾਬ ਦੀ ਤਸਵੀਰ ਅਤੇ ਪੀੜ ਦੱਸਦੀਆਂ ਹਨ। ਡਾ. ਭਾਟੀਆ ਨੇ ਕੁੰਜੀਵਤ ਭਾਸ਼ਨ ਦਿੰਦਿਆਂ ਕਿਹਾ ਕਿ ਅਸੀਂ ਭਾਰਤੀ ਲੋਕ ਆਪਣੇ ਸੁਖਨਵਰਾਂ ਨੂੰ ਸੰਭਾਲ ਨਹੀਂ ਸਕੇ। ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੀਵੀ ਜੋਸ਼ੀ ਨੇ ਹਰਿਭਜਨ ਸਿੰਘ ਦੀ ਦਿੱਲੀ ਯੂਨੀਵਰਸਿਟੀ ਵਿਚ ਰਹੀ ਭੂਮਿਕਾ ਤੋਂ ਜਾਣੂ ਕਰਵਾਇਆ। ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਡਾ, ਮਨਮੋਹਨ ਨੇ ਕਿਹਾ ਕਿ ਲਿਖਣ ਲਈ ਵੱਡਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਚੇਤਨਾ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੂਲ ਫਰਜ਼ ਹੋਣਾ ਚਾਹੀਦਾ ਹੈ। ਡਾ. ਵਨੀਤਾ ਨੇ ਕਿਹਾ ਕਿ ਹਰਿਭਜਨ ਸਿੰੰਘ ਨੇ ਦਿੱਲੀ ਵਿਚ ਆਲੋਚਨਾ ਦੀਆਂ ਨਵੀਆਂ ਪੈੜਾਂ ਦੀ ਸ਼ੁਰੂਆਤ ਕੀਤੀ ਤੇ ਕਦੇ ਵੀ ਸੁਹਜ ਦਾ ਪੱਲਾ ਨਹੀਂ ਛੱਡਿਆ।
ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਰਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਨੇ ਹਰਿਭਜਨ ਸਿੰਘ ਦੇ ਸਾਹਿਤ ਬਾਰੇ ਆਪਣ ਖੋਜ ਪੱਤਰ ਪੜ੍ਹੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਯੋਗਰਾਜ ਨੇ ਕੀਤੀ ਅਤੇ ਮੰਚ ਦਾ ਸੰਚਲਾਨ ਡਾ. ਬਲਜਿੰਦਰ ਨਸਰਾਲੀ ਨੇ ਕੀਤਾ। ਪਹਿਲੇ ਦਿਨ ਦਾ ਆਖਰੀ ਸੈਸ਼ਨ ਡਾ. ਕੁਲਵੀਰ ਗੋਜਰਾ ਨੇ ਸ਼ੁਰੂ ਕਰਵਾਇਆ। ਰਮਿੰਦਰ ਕੌਰ, ਨਰੇਸ਼ ਕੁਮਾਰ, ਆਤਮ ਸਿੰਘ ਰੰਧਾਵਾ ਅਤੇ ਦਵਿੰਦਰ ਸੈਫ਼ੀ ਨੇ ਆਪਣਾ ਖੋਜ ਪੱਤਰ ਪੜ੍ਹਿਆ। ਇਸ ਮੌਕੇ ਦੋ ਪੁਸਤਕਾਂ ਡਾ. ਸਤਿੰਦਰ ਸਿੰਘ ਦੁਆਰਾ ਰਚਿਤ ਡਾ. ਹਰਿਭਜਨ ਸਿੰਘ ਮੋਨੋਗ੍ਰਾਫ਼ ਅਤੇ ਪ੍ਰੋ. ਰਵੀ ਰਵਿੰਦਰ, ਡਾ. ਸੁਖਦੇਵ ਸਿੰਘ ਤੇ ਡਾ. ਹਰਿਸ਼ ਦੁਆਰਾ ਰਚਿਤ ਪੁਸਤਕ ‘ਗੁਰੂ ਤੇਗ ਬਹਾਦਰ : ਇਕ ਪੁਸਤਕਾਵਲੀ’ ਰਿਲੀਜ਼ ਕੀਤੀਆ ਗਈਆਂ।