ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਫਰਵਰੀ
ਪੰਜਾਬੀ ਸਾਹਿਤ ਸਭਾ ਨੇ ਆਪਣੀ 33ਵੀਂ ‘ਧੁੱਪ ਦੀ ਮਹਿਫ਼ਲ’ ਮਹਿਰੌਲੀ ਵਿੱਚ ਕਰਵਾਈ। ਮਹਿਫਲ ਦੀ ਪ੍ਰਧਾਨਗੀ ਤਰਲੋਚਨ ਸਿੰਘ ਨੇ ਕੀਤੀ। ਇਸ ਮੌਕੇ ਨਿਰਮਲ ਅਰਪਨ, ਅਮਰੀਕ ਗਿੱਲ ਤੇ ਕੁਲਬੀਰ ਬਡੇਸਰੋਂ ਨੂੰ ਸਾਹਿਤਕ ਤੇ ਸੱਭਿਆਚਾਰਕ ਸੇਵਾਵਾਂ ਬਦਲੇ ਸਨਮਾਨਿਆ ਗਿਆ। ਸਨਮਾਨਤ ਕੀਤੇ ਜਾਣ ਦੀ ਰਸਮ ਤਰਲੋਚਨ ਸਿੰਘ, ਡਾ. ਰੇਣੁਕਾ ਸਿੰਘ (ਚੇਅਰਪਰਸਨ, ਪੰਜਾਬੀ ਸਾਹਿਤ ਸਭਾ), ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਤੇ ਜਨਰਲ ਸਕੱਤਰ ਡਾ. ਕੁਲਜੀਤ ਸ਼ੈਲੀ ਨੇ ਨਿਭਾਈ। ਜ਼ਿਕਰਯੋਗ ਹੈ ਕਿ ਇਸ ਸਨਮਾਨ ਵਿਚ ਸ਼ਾਲ, ਸਨਮਾਨ ਚਿੰਨ੍ਹ, ਮਾਣ-ਪੱਤਰ ਤੇ 51-51 ਹਜ਼ਾਰ ਰੁਪਏ ਨਗਦ ਦਿੱਤੇ ਜਾਂਦੇ ਹਨ। ਇਸ ਮੌਕੇ ਤਰਲੋਚਨ ਸਿੰਘ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਸਭਿਆਚਾਰ ਦੀ ਚਰਚਾ ਕਰਦਿਆਂ ਆਖਿਆ ਕਿ ਪੰਜਾਬੀ ਸਭਿਆਚਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਪਸਾਰਨ ਲਈ ਜ਼ਰੂਰੀ ਹੈ ਕਿ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਵੱਡੇ ਪੱਧਰ ਉੱਤੇ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਭਾਪਾ ਪ੍ਰੀਤਮ ਸਿੰਘ ਦੀ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਦੂਰ ਦ੍ਰਿਸ਼ਟੀ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਗੁਲਜ਼ਾਰ ਸਿੰਘ ਸੰਧੂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ ਤੇ ‘ਧੁੱਪ ਦੀ ਮਹਿਫ਼ਲ’ ਦੇ ਪਿਛੋਕੜ ਬਾਰੇ ਦੱਸਿਆ। ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਮੰਚ ਸੰਚਾਲਨ ਕੀਤਾ। ਮਾਸਕੋ ਸਟੇਟ ਯੂਨੀਵਰਸਿਟੀ ਦੇ ਪ੍ਰੋ. ਅੰਨਾ ਬੋਚਕੋਵਸਕਾਇਆ ਵਿਸ਼ੇਸ਼ ਤੌਰ ’ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਪ੍ਰੋ. ਰੇਣੁਕਾ ਸਿੰਘ ਤੇ ਪ੍ਰੋ. ਭਗਵਾਨ ਜੋਸ਼ ਨੇ ਫੁੱਲਾਂ ਤੇ ਸ਼ਾਲ ਨਾਲ ਸਨਮਾਨ ਕੀਤਾ। ਅਖੀਰ ਵਿਚ, ਡਾ. ਰੇਣੁਕਾ ਸਿੰਘ ਨੇ ਲੇਖਕਾਂ ਤੇ ਪੰਜਾਬੀ ਪ੍ਰੇਮੀਆਂ ਦਾ ਧੰਨਵਾਦ ਕੀਤਾ। ਮਹਿਫਲ ਦੇ ਸੁਚੱਜੇ ਪ੍ਰਬੰਧਾਂ ਵਿਚ ਹਰਵਿੰਦਰ ਸਿੰਘ ਭਾਟੀਆ ਨੇ ਵਿਸ਼ੇਸ਼ ਭੂਮਿਕਾ ਨਿਭਾਈ।