ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੋਸ਼ ਲਾਇਆ ਹੈ ਕਿ ਫ਼ਿਲਮ ਸਟਾਰ ਅਮਿਤਾਭ ਬੱਚਨ ਪਾਸੋਂ ਲਈ ਗਈ ਕਰੋੜਾਂ ਰੁਪਏ ਦੀ ਰਾਸ਼ੀ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਹੈੱਡ ਗ੍ਰੰਥੀਆਂ ਦੀ ਆੜ ਵਿੱਚ ਕਮੇਟੀ ਨੂੰ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਨੇ ਕਾਲਕਾ ਦੇ ਬਿਆਨ ਨੂੰ ਸਿੱਖ ਮਰਿਆਦਾ ਨੂੰ ਨਜ਼ਰਅੰਦਾਜ਼ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਕਮੇਟੀ ਵੱਲੋਂ ਚੁਣੌਤੀ ਦੇਣ ਦੇ ਰੂੂਪ ਵਿੱਚ ਉਭਾਰਿਆ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ’ਤੇ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਕਾਲਕਾ ਨੇ ਕੱਲ੍ਹ ਅੰਮ੍ਰਿਤਸਰ ਵਿੱਚ ਹੈਡ ਗ੍ਰੰਥੀਆਂ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਹੈ ਕਿ ਕਮੇਟੀ ਕਿਸੇ ਵੱਲੋਂ ਭੇਟ ਕੀਤੀ ਗਈ ਰਾਸ਼ੀ ਨੂੰ ਅਸਵੀਕਾਰ ਨਹੀਂ ਕਰ ਸਕਦੀ। ਇਸ ਦਾ ਅਰਥ ਇਹ ਹੋਇਆ ਕਿ ਕਮੇਟੀ ਆਪਣੇ ਹੈਡ ਗ੍ਰੰਥੀਆਂ ਦੀ ਆੜ ਲੈ ਕੇ ਅਮਿਤਾਭ ਬੱਚਨ ਤੋਂ ਸਵੀਕਾਰ ਕੀਤੀ ਗਈ ਰਾਸ਼ੀ ਨੂੰ ਤਰਕ ਸੰਗਤ ਸਾਬਤ ਕਰ ਰਹੀ ਹੈ। ਉਧਰ ਦਿੱਲੀ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਜਿਸ ਆਗੂ ਉਪਰ ਗੁਰੂ ਦੀ ਗੋਲਕ ਚੋਰੀ ਕਰਨ ਦੇ ਦੋਸ਼ ਹੋਣ, ਅਜਿਹੇ ਆਗੂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।