ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੇ ਸਾਲ-2021 ਵਿੱਚ ਹੋਣ ਵਾਲੀਆਂ ਆਮ ਚੋਣਾਂ ਬਾਰੇ ਵਿਚਾਰ ਕਰਨ ਲਈ ਸਾਰੀ ਧਾਰਮਿਕ ਪਾਰਟੀਆਂ ਦੀ ਬੀਤੇ ਦਿਨੀਂ ਹੋਈ ਬੈਠਕ ਵਿੱਚ ਪੰਥਕ ਸੇਵਾ ਦਲ (ਰਜਿ.) ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਦਲ ਦੀ ਧਰਮ ਪ੍ਰਚਾਰ ਕਮੇਟੀ ਦੇ ਅਬਜ਼ਰਵਰ ਤੇ ਬੁਲਾਰੇ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ ਪੰਥਕ ਸੇਵਾ ਦਲ (ਰਜਿ.) ਵੱਲੋਂ ਲਿਖਤੀ ਪੱਤਰ ਰਾਹੀਂ ਅਹਿਮ ਜਾਣਕਾਰੀ ਮੰਗੀ ਗਈ ਕਿ ਕਿੰਨੀਆਂ ਤੇ ਕਿਹੜੀ ਪਾਰਟੀਆਂ ‘ਸੁਸਾਇਟੀ ਰਜਿਸਟਰੇਸ਼ਨ ਐਕਟ 1860’ ਅਧੀਨ ਰਜਿਸਟਰਡ ਹਨ। ਇਹ ਪਾਰਟੀਆਂ ਰਜਿਸਟਰਡ ਕਦੋਂ ਹੋਈਆਂ ਤੇ ਇਨ੍ਹਾਂ ਰਜਿਸਟਰਡ ਪਾਰਟੀਆਂ ਦੇ ਰਜਿਸਟਰੇਸ਼ਨ ਦੇ ਪ੍ਰਮਾਣ ਪੱਤਰ ਦੀ ਕਾਪੀ ਵੀ ਮੰਗੀ ਗਈ। ਕੀ ਕੋਈ ਰਾਜਨੀਤਿਕ ਪਾਰਟੀ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈ ਸਕਦੀ ਹੈ। ਕੀ ਦਿੱਲੀ ਗਜ਼ਟ (ਐਕਸਟਰਾ ਉਡਨਰੀ) ਭਾਗ-4 ਦੇ ਨਿਯਮ-14 ਵਿੱਚ ਕੋਈ ਬਦਲਾਅ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਿਕ ਪਾਰਟੀ ਹੈ ਜਾਂ ਰਾਜਨੀਤਿਕ ਪਾਰਟੀ ਹੈ। ਹਰਦਿੱਤ ਸਿੰਘ ਨੇ ਦੱਸਿਆ ਕਿ ਬੈਠਕ ਦੌਰਾਨ ਸਵਾਲ ਉਠਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਗੁਰਦੁਆਰਾ ਚੋਣਾਂ ਲੜਨ ਦੀ ਆਗਿਆ ਕਿਉਂ ਦਿੰਦਾ ਹੈ ਤਾਂ ਡਾਇਰੈਕਟਰ ਨੇ ਮਾਮਲਾ ਅਦਾਲਤ ਵਿੱਚ ਹੋਣ ਦਾ ਹਵਾਲਾ ਦਿੱਤਾ। ਬੁਲਾਰੇ ਮੁਤਾਬਕ ਮੰਤਰੀ ਨੇ ਸਟੇਅ ਆਉਣ ਜਾਂ ਫ਼ੈਸਲਾ ਆਉਣ ਤੱਕ ਦਿੱਲੀ ਗੁਰਦੁਆਰਾ ਐਕਟ 1971 ਤਹਿਤ ਮੁਤਾਬਕ ਚੱਲਣ ਦੀ ਹਦਾਇਤ ਕੀਤੀ।