ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਰਾਗ ਦਰਬਾਰ ਸਮਾਗਮ ਕਰਵਾਇਆ ਗਿਆ। ਇਸ ਵਿੱਚ ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਮਨੋਹਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਨੇ ਰਾਗਾਂ ’ਤੇ ਆਧਾਰਿਤ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਖ਼ਾਸ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਸੰਗਤ ਨੂੰ ਰਾਗਾਂ ’ਤੇ ਆਧਾਰਤ ਕੀਰਤਨ ਆਪਣੇ-ਆਪਣੇ ਗੁਰਦੁਆਰਿਆਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ। ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਰਾਗਾਂ ’ਤੇ ਆਧਾਰਿਤ ਕੀਰਤਨ ਹੀ ਹੁੰਦਾ ਸੀ ਪਰ ਹੌਲੀ-ਹੌਲੀ ਇਹ ਪ੍ਰਥਾ ਅਲੋਪ ਹੁੰਦੀ ਜਾ ਰਹੀ ਹੈ। ਹੁਣ ਕੀਰਤਨੀ ਜਥਿਆਂ ਵੱਲੋਂ ਗੀਤਾਂ ਦੀਆਂ ਧੁਨਾਂ ਜਾਂ ਕੱਚੀ ਬਾਣੀ ਦਾ ਉਚਾਰਨ ਕਰਕੇ ਕੀਰਤਨ ਕੀਤਾ ਜਾਣ ਲੱਗ ਪਿਆ ਹੈ। ਸੰਗਤ ਨੂੰ ਵੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਉਹ ਉਸੇ ਕੀਰਤਨ ਦਾ ਆਨੰਦ ਲੈਣ ਲੱਗੀਆਂ ਹਨ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸੱਕਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਵੀ ਇਸ ਸ਼ੁਰੂਆਤ ਦਾ ਸਮਰਥਨ ਕਰਦਿਆਂ ਉਨ੍ਹਾਂ ਕੀਰਤਨੀ ਜਥਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੋ ਰਾਗਾਂ ’ਤੇ ਆਧਾਰਤ ਕੀਰਤਨ ਕਰਦੇ ਹਨ। ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸਾਰੇ ਪ੍ਰਬੰਧਕਾਂ ਅਤੇ ਸੰਗਤ ਨੂੰ ਵੀ ਅੱਗੇ ਆ ਕੇ ਰਾਗ ਪ੍ਰਥਾ ਨੂੰ ਵਧਾਵਾ ਦੇਣ ਲਈ ਆਪਣੇ ਖੇਤਰ ਦੇ ਗੁਰਦੁਆਰਿਆਂ ਵਿੱਚ ਰਾਗ ਆਧਾਰਤ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਨੂੰ ਬੁਲਾ ਕੇ ਕੀਰਤਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦਿੱਲੀ ਕਮੇਟੀ ਦੇ ਅਧੀਨ ਚੱਲਦੇ ਗੁਰਮਤਿ ਸੰਗੀਤ ਵਿਦਿਆਲਿਆਂ ਵਿੱਚ ਵੀ ਬੱਚਿਆਂ ਨੂੰ ਰਾਗ ਕੀਰਤਨ ਬਾਰੇ ਸਿਖਲਾਈ ਦੇਣ ਲਈ ਖ਼ਾਸ ਯਤਨ ਕੀਤੇ ਜਾਣਗੇ।