ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਕਤੂਬਰ
ਦਿੱਲੀ ਪੁਲੀਸ ਵੱਲੋਂ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸਣ ਵਾਲੇ ਕਈ ਰੈਸਟੋਰੈਂਟਾਂ ‘ਤੇ ਛਾਪੇ ਮਾਰੇ ਗਏ ਹਨ। ਇਹ ਛਾਪੇ ਪੰਜਾਬੀ ਬਾਗ ਦੇ ਰਫਤਾਰ ਅਤੇ ਰਾਜੌਰੀ ਗਾਰਡਨ ਦੇ ਬਲਿੰਕ ਵਰਗੇ ਕਈ ਪੱਬਾਂ ਅਤੇ ਰੈਸਟੋਰੈਂਟਾਂ ‘ਤੇ ਮਾਰੇ ਗਏ ਹਨ। ਜਾਣਕਾਰੀ ਮੁਤਾਬਿਕ ਇਸ ਦੌਰਾਨ ਦਿੱਲੀ ਪੁਲੀਸ ਨੇ 230 ਤੋਂ ਵੱਧ ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਜ਼ਬਤ ਕੀਤੀਆਂ ਹਨ।
ਦਿੱਲੀ ਪੁਲੀਸ ਨੇ ਦੂਜੇ ਰਾਜਾਂ ਦੀ ਸ਼ਰਾਬ ਨੂੰ ਰੀਬ੍ਰਾਂਡ ਕਰਨ ਦੇ ਇੱਕ ਰੈਕੇਟ ਦਾ ਵੀ ਪਰਦਾਫਾਸ਼ ਕੀਤਾ ਹੈ। ਦਿੱਲੀ ਆਬਕਾਰੀ ਖੁਫੀਆ ਬਿਊਰੋ (ਈਆਈਬੀ) ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਚਲਾਏ ਗਏ ਕਈ ਤਲਾਸ਼ੀ ਅਭਿਆਨ ਦੇ ਨਤੀਜੇ ਵਜੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਨੂੰ ਸਟੋਰ ਕਰਨ, ਬਣਾਉਣ ਤੇ ਵੇਚਣ ਲਈ ਚਾਰ ਗ੍ਰਿਫਤਾਰੀਆਂ ਅਤੇ ਤਿੰਨ ਕੇਸ ਦਰਜ ਕੀਤੇ ਹਨ। ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਵਿਕਰਮ ਵਾਸੀ ਮੁੰਡਕਾ, ਜੈਪਾਲ ਸਿੰਘ ਵਾਸੀ ਹਰਗੋਵਿੰਦ ਐਨਕਲੇਵ, ਮੋਹਿਤ ਕੁਮਾਰ ਵਾਸੀ ਮੈਦਾਨ ਗੜ੍ਹੀ ਅਤੇ ਰੇਣੂਕਾ ਮਲਹੋਤਰਾ ਰਾਣੀ ਬਾਗ ਤੋਂ ਹਨ। ਅਧਿਕਾਰੀਆਂ ਮੁਤਾਬਕ ਇਹ ਛਾਪੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮਾਰੇ ਗਏ ਸਨ। ਈਆਈਬੀ ਦੀਆਂ ਟੀਮਾਂ ਨੇ ਏਸੀਪੀ ਰਾਜੇਸ਼ ਮੀਨਾ ਦੇ ਨਿਰਦੇਸ਼ਾਂ ਹੇਠ ਦਿੱਲੀ ਦੇ ਕਈ ਖੇਤਰਾਂ ਵਿੱਚ ਛਾਪੇਮਾਰੀ ਕੀਤੀ।
ਇਕ ਸੀਨੀਅਰ ਅਧਿਕਾਰੀ ਅਨੁਸਾਰ ਦਸਤੇ ਨੇ ਸੂਚਨਾ ਮਿਲਣ ਤੋਂ ਬਾਅਦ ਕਰੋਲ ਬਾਗ, ਰਾਣੀ ਬਾਗ ਅਤੇ ਮੈਦਾਨ ਗੜ੍ਹੀ ਵਿਚ ਕਾਰਵਾਈ ਕੀਤੀ ਹੈ। ਇਸ ਦੌਰਾਨ ਟੀਮ ਨੇ ਮਹਿੰਗੀ ਸ਼ਰਾਬ ਦੀਆਂ 69 ਬੋਤਲਾਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਰਾਣੀ ਬਾਗ ਤੋਂ ਚੀਵਾਸ ਰੀਗਲ ਦੀਆਂ 20 ਖਾਲੀ ਬੋਤਲਾਂ, ਹਾਈ-ਐਂਡ ਸ਼ਰਾਬ ਦੀਆਂ 23 ਬੋਤਲਾਂ, ਭਾਰਤੀ-ਨਿਰਮਿਤ ਵਿਦੇਸ਼ੀ ਸ਼ਰਾਬ ਦੀਆਂ 8 ਬੋਤਲਾਂ ਅਤੇ ਭਾਰਤੀ ਸ਼ਰਾਬ ਦੀਆਂ 19 ਬੋਤਲਾਂ ਬਰਾਮਦ ਕੀਤੀਆਂ ਹਨ। ਦਿੱਲੀ ‘ਚ ਦੀਵਾਲੀ ਦੇ ਦੋ ਦਿਨਾਂ ਦੌਰਾਨ ਸ਼ਰਾਬ ਦੀ ਖਪਤ 35 ਫੀਸਦੀ ਵਧੀ ਹੈ। 20 ਲੱਖ ਬੋਤਲਾਂ ਦੀ ਖਪਤ ਹੋਈ। ਦੀਵਾਲੀ ਦੇ ਦੋ ਦਿਨਾਂ ‘ਚ ਸ਼ਰਾਬ ਦੀ ਵਿਕਰੀ ‘ਚ 35 ਫੀਸਦੀ ਦਾ ਵਾਧਾ ਹੋਇਆ ਹੈ। ਦੀਵਾਲੀ ‘ਤੇ 20 ਲੱਖ ਤੋਂ ਵੱਧ ਸ਼ਰਾਬ ਦੀ ਬੋਤਲਾਂ ਦੀ ਖਪਤ ਹੋਈ। ਜਿੱਥੇ ਦਿੱਲੀ ਵਿੱਚ ਸ਼ਰਾਬ ਦੀ ਔਸਤ ਵਿਕਰੀ ਆਮ ਤੌਰ ‘ਤੇ 11 ਲੱਖ ਬੋਤਲਾਂ ਹੁੰਦੀ ਹੈ ਉੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਵਿਕਰੀ 15 ਲੱਖ ਬੋਤਲਾਂ ਤੱਕ ਪਹੁੰਚ ਗਈ ਸੀ।