ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ-ਐਨਸੀਆਰ ਵਿੱਚ ਅੱਜ ਦਿਨ ਭਰ ਤੇਜ਼ ਹਵਾਵਾਂ ਚੱਲਣ ਮਗਰੋਂ ਪਏ ਮੀਂਹ ਨਾਲ ਪਿਛਲੇ ਚਾਰ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਬੱਦਲਵਾਈ ਤੇ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਸੀ। ਅੱਜ ਦਿੱਲੀ, ਨੋਇਡਾ ਤੇ ਗਾਜ਼ੀਆਬਾਦ ਵਿੱਚ ਹਲਕੇ ਮੀਂਹ ਮਗਰੋਂ ਲੋਕਾਂ ਨੇ ਕੁਝ ਠੰਢਕ ਮਹਿਸੂਸ ਕੀਤੀ। ਸ਼ਾਮ ਵੇਲੇ ਅਸਮਾਨ ਵਿੱਚ ਹਨੇਰਾ ਛਾਇਆ ਰਿਹਾ , ਜਿਸ ਕਾਰਨ ਵਾਹਨ ਚਾਲਕਾਂ ਦਿਨ ਵੇਲੇ ਬੱਤੀਆਂ ਜਗਾਉਣੀਆਂ ਪਈਆਂ।
ਮੌਸਮ ਵਿਭਾਗ ਅਨੁਸਾਰ 4 ਤੋਂ 7 ਜੁਲਾਈ ਦੇ ਵਿਚਕਾਰ ਤਾਪਮਾਨ ਫਿਰ 40 ਤੋਂ 41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਿਸ ਕਾਰਨ ਗਰਮੀ ਤੋਂ ਅਜੇ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ 27.5 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦੇ ਅਨੁਸਾਰ ਪਾਲਮ ਵਿੱਚ 26 ਮਿਲੀਮੀਟਰ, ਲੋਧੀ ਰੋਡ ਵਿੱਚ 2.5 ਮਿਲੀਮੀਟਰ ਤੇ ਸਫਦਰਜੰਗ ਖੇਤਰ ਵਿੱਚ 0.4 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਦਿੱਲੀ ਦੇ ਲੋਕਾਂ ਨੂੰ ਐਤਵਾਰ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਤੇ ਤੇਜ਼ ਹਵਾ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਟੋਹਾਣਾ (ਪੱਤਰ ਪ੍ਰੇਰਕ): ਪਿਛਲੇ ਲੰਮੇ ਸਮੇਂ ਤੋਂ 44 ਡਿਗਰੀ ਤਾਪਮਾਨ ਝੱਲ ਰਹੀ ਜਨਤਾ ਨੂੰ ਅੱਜ ਦੁਪਹਿਰ ਬਾਅਦ ਪਏ ਦਰਮਿਆਨੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ।