ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਈ
ਦਿੱਲੀ ਤੇ ਐਨਸੀਆਰ ਵਿੱਚ ਦੂਰ-ਦੂਰ ਤੱਕ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਪਰ ਸਵੇਰੇ ਪਏ ਤੇਜ਼ ਮੀਂਹ ਕਾਰਨ ਦਿੱਲੀ ਦੀਆਂ ਬਰੂਹਾਂ ਉਪਰ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚਲਾ ਰਹੇ ਕਿਸਾਨਾਂ ਨੂੰ ਅੱਜ ਫਿਰ ਪ੍ਰੇਸ਼ਾਨੀ ਝੱਲਣੀ ਪਈ। ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਸਵੇਰੇ ਕਾਲੇ ਬੱਦਲ ਅਸਮਾਨ ਉਪਰ ਛਾ ਗਏ ਤੇ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਕਈ ਇਲਾਕਿਆਂ ਵਿੱਚ ਸਵੇਰੇ ਮੀਂਹ ਪਿਆ ਜਿਸ ਕਰਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਮਾਪਿਆ ਗਿਆ। ਸ਼ੁੱਕਰਵਾਰ ਤੜਕੇ ਭਾਰਤ ਦੇ ਮੌਸਮ ਵਿਭਾਗ ਦੇ ਆਈਐਮਡੀ ਸਫਦਰਜੰਗ ਵਿਚ ਕਰੀਬ 2.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਮੀਂਹ ਦੀ ਵਧੇਰੇ ਮਾਤਰਾ ਦਰਜ ਕੀਤੀ ਗਈ। ਦੱਖਣੀ ਦਿੱਲੀ ਦੇ ਅਯਾਨਗਰ ਵਿੱਚ 10.6 ਮਿਲੀਮੀਟਰ, ਪੱਛਮੀ ਦਿੱਲੀ ਦੇ ਪਾਲਮ ਵਿੱਚ 5.8 ਮਿਲੀਮੀਟਰ ਤੇ ਲੋਧੀ ਰੋਡ ਵਿੱਚ 3.2 ਮਿਲੀਮੀਟਰ ਰਿਕਾਰਡ ਕੀਤਾ ਗਿਆ। ਗੁੜਗਾਉਂ ਵਿੱਚ ਆਈਐੱਮਡੀ ਦੇ ਅਬਜ਼ਰਵੇਟਰੀ ਵਿੱਚ 13 ਮਿਲੀਮੀਟਰ ਮੀਂਹ ਰਿਕਾਰਡ ਕੀਤ ਗਿਆ।
ਮੌਸਮ ਵਿਭਾਗ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਵਰਖਾ ਪੱਛਮੀ ਗੜਬੜੀ ਦਾ ਨਤੀਜਾ ਸੀ। ਇਹ ਮੌਸਮ ਉੱਤਰ ਪੱਛਮੀ ਭਾਰਤ ਵਿੱਚ ਮੌਨਸੂਨ ਦੀ ਬਾਰਸ਼ ਨਾਲ ਜੁੜਿਆ ਹੋਇਆ ਹੈ। 30-60 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ। ਬੁੱਧਵਾਰ ਨੂੰ ਰਾਜਧਾਨੀ ਵਿੱਚ ਚੱਕਰਵਾਤ ਤਉਤੇ ਦੇ ਤੇ ਇੱਕ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ 119.3 ਮਿਲੀਮੀਟਰ ਬਾਰਸ਼ ਹੋਈ ਸੀ। ਸ਼ਹਿਰ ਵਿੱਚ ਮਈ ਮਹੀਨੇ ਵਿੱਚ 24 ਘੰਟਿਆਂ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਬਾਰਸ਼ ਸੀ। ਸ਼ਨਿਚਰਵਾਰ ਤੋਂ ਪਾਰਾ ਚੜ੍ਹਨ ਦੀ ਸੰਭਾਵਨਾ ਹੈ। ਇਸ ਦੌਰਾਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਦਿੱਲੀ ਦਾ ਹਵਾ ਗੁਣਵਤਾ ਸੂਚਕ ਅੰਕ (ਏਕਿਯੂਆਈ) ਸ਼ੁੱਕਰਵਾਰ ਸਵੇਰੇ ‘ਤਸੱਲੀਬਖਸ਼’ ਸ਼੍ਰੇਣੀ ਵਿੱਚ ਰਿਹਾ। ਦਿੱਲੀ ਲਈ ਸੈਂਟਰ ਦੀ ਏਅਰ ਕੁਆਲਿਟੀ ਚਿਤਾਵਨੀ ਪ੍ਰਣਾਲੀ ਨੇ ਦੱਸਿਆ ਗਿਆ ਹੈ ਕਿ ਏਕਿਯੂਆਈ ਅਗਲੇ ਦੋ ਦਿਨਾਂ ਵਿੱਚ ‘ਸੰਤੁਸ਼ਟੀਜਨਕ’ ਤੋਂ ‘ਦਰਮਿਆਨੀ’ ਰਹੇਗੀ। ਐੱਨਸੀਆਰ ਦੇ ਕੁਝ ਸਥਾਨ ਬਹਾਦੁਰਗੜ, ਗੁਰੂਗਰਾਮ, ਮਨੇਸਰ, ਫਰੀਦਾਬਾਦ, ਬੱਲਭਗੜ, ਲੋਨੀ ਦੇਹਤ, ਹਿੰਦਨ ਏ.ਐਫ. ਸਟੇਸ਼ਨ, ਗਾਜ਼ੀਆਬਾਦ, ਇੰਦਰਾਪੁਰਮ, ਛਾਪਰੌਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ ਤੇ ਹਰਿਆਣਾ ਦੇ ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਗਨੌਰ, ਸੋਨੀਪਤ ਵਿੱਚ ਮੀਂਹ ਪਿਆ।